ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਵਾਦਤ ਡੀਐਸਪੀ ਅਤੁਲ ਸੋਨੀ ਨੂੰ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਰਾਜ ਦੇ ਵਧੀਕ ਮੁੱਖ ਸਕੱਤਰ (ਗ੍ਰਹਿ ਅਤੇ ਜਸਟਿਸ) ਵੱਲੋਂ ਇਸ ਸਬੰਧ ਵਿੱਚ ਆਦੇਸ਼ ਜਾਰੀ ਕੀਤੇ ਗਏ ਹਨ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ, ਮੁਅੱਤਲ ਹੋਣ ਸਮੇਂ ਅਤੁਲ ਸੋਨੀ ਦਾ ਮੁੱਖ ਦਫ਼ਤਰ ਚੰਡੀਗੜ੍ਹ ਸੈਕਟਰ 9 ਵਿੱਚ ਪੰਜਾਬ ਪੁਲਿਸ ਹੈਡਕੁਆਰਟਰ ਰਹੇਗਾ।
ਹਾਲ ਹੀ ਵਿੱਚ, ਪੰਜਾਬ ਪੁਲਿਸ ਦੁਆਰਾ ਰਾਜ ਸਰਕਾਰ ਨੂੰ ਇੱਕ ਸਿਫਾਰਸ਼ ਭੇਜੀ ਗਈ ਸੀ ਕਿ, ਡੀਐਸਪੀ ਅਤੁਲ ਸੋਨੀ ਨੂੰ ਮੁਅੱਤਲ ਕੀਤਾ ਜਾਵੇ। ਸੂਬਾ ਪੁਲਿਸ ਵਲੋਂ ਇਹ ਵੀ ਕਿਹਾ ਗਿਆ ਹੈ ਕਿ, ਡੀਐਸਪੀ ਅਤੁਲ ਸੋਨੀ ਦੇ ਨਫ਼ਰਤ ਭਰੇ ਵਤੀਰੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸਨੂੰ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸਦੇ ਨਾਲ ਹੀ, ਪੰਜਾਬ ਪੁਲਿਸ ਨੇ ਅਤੁਲ ਸੋਨੀ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰਨ ਦੀ ਸਿਫਾਰਸ਼ ਵੀ ਕੀਤੀ ਸੀ।
ਇਸ ਸੰਬੰਧ ਵਿੱਚ, ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ, ਪੁਲਿਸ ਵਿਭਾਗ ਵਿੱਚ ਇੱਕ ਸੁਧਾਰਾਤਮਕ ਢਾਂਚਾ ਸਥਾਪਤ ਕੀਤਾ ਜਾ ਰਿਹਾ ਹੈ ਤਾਂ ਜੋ ਅਜਿਹੇ ਵਿਵਹਾਰ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਪੁਲਿਸ ਫੋਰਸ ਤੋਂ ਬਾਹਰ ਰੱਖਿਆ ਜਾ ਸਕੇ। ਇਸ ਦੇ ਕਾਰਨ, ਅਤੁਲ ਸੋਨੀ ਨੂੰ ਮੁਅੱਤਲ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਸੀ।
ਵਰਣਨਯੋਗ ਹੈ ਕਿ, 82 ਵੀਂ ਬਟਾਲੀਅਨ ਪੀਏਪੀ ਚੰਡੀਗੜ੍ਹ ਵਿੱਚ ਤਾਇਨਾਤ ਅਤੁਲ ਸੋਨੀ ਉੱਤੇ ਆਪਣੀ ਪਤਨੀ ਨੂੰ ਗੋਲੀ ਮਾਰਨ ਦਾ ਦੋਸ਼ ਲਾਇਆ ਗਿਆ ਸੀ। ਇਹ ਦੋਸ਼ ਅਤੁਲ ਸੋਨੀ ਦੀ ਪਤਨੀ ਦੁਆਰਾ ਲਗਾਇਆ ਗਿਆ ਸੀ, ਜਿਸ ਦੇ ਅਧਾਰ ‘ਤੇ ਅਤੁਲ ਸੋਨੀ ਖਿਲਾਫ਼ ਕੇਸ ਦਾਇਰ ਕੀਤਾ ਗਿਆ ਸੀ। ਪਰ ਅਗਲੇ ਹੀ ਦਿਨ ਅਤੁਲ ਸੋਨੀ ਦੀ ਪਤਨੀ ਨੇ ਕੇਸ ਵਾਪਸ ਲੈ ਲਿਆ।
ਇਸ ਦੇ ਬਾਵਜੂਦ ਵੱਖ-ਵੱਖ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਪੁਲਿਸ ਨੇ ਅਤੁਲ ਸੋਨੀ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਅੱਤਲ ਕਰਨ ਦੇ ਆਦੇਸ਼ ਤੋਂ ਤੁਰੰਤ ਬਾਅਦ ਅਤੁੱਲ ਸੋਨੀ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।

