ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਹਿਲਾ ਦੋ ਰੋਜ਼ਾ ਅੰਤਰਰਾਸ਼ਟਰੀ ਫਿਲਮ ਮੇਲਾ 16 ਅਤੇ 17 ਮਾਰਚ 2020 ਨੂੰ ਆਈ ਕੇਜੀਪੀਟੀਯੂ ਕਪੂਰਥਲਾ ਵਿਖੇ ਹੋਣ ਜਾ ਰਿਹਾ ਹੈ। ਇਹ ਫੈਸਲਾ ਮੰਗਲਵਾਰ ਨੂੰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਫਿਲਮ ਨਿਰਮਾਤਾ ਐਸੋਸੀਏਸ਼ਨ ਐਸ.ਏ.ਐਸ.ਨਗਰ ਮੁਹਾਲੀ ਅਤੇ ਨੌਰਥ ਜ਼ੋਨ ਫਿਲਮ ਅਤੇ ਟੀ.ਵੀ. ਕਲਾਕਾਰ ਐਸੋਸੀਏਸ਼ਨ ਮੁਹਾਲੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਲਿਆ ਗਿਆ ਹੈ।
ਮੰਤਰੀ ਨੇ ਕਿਹਾ ਕਿ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲਗਾਇਆ ਜਾਣ ਵਾਲਾ ਇਹ ਮੇਲਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ। ਇਹ ਵੀ ਦੱਸਿਆ ਕਿ, ਪਹਿਲਾਂ ਇਹ ਮੇਲਾ 21 ਫਰਵਰੀ 2020 ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ‘ਤੇ ਰੱਖੇ ਜਾਣ ਦੀ ਤਜਵੀਜ਼ ਸੀ, ਪਰ ਤਿਆਰੀ ਲਈ ਸਮਾਂ ਨਾ ਮਿਲਣ ਕਾਰਨ ਇਹ ਮਾਰਚ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
![]()
ਉਨ੍ਹਾਂ ਦੱਸਿਆ ਕਿ, ਪੰਜਾਬੀ ਫਿਲਮ ਇੰਡਸਟਰੀ ਨਾਲ ਸੰਬੰਧਿਤ ਇਕ ਦਸਤਾਵੇਜ਼ੀ ਫਿਲਮ ਤਿਆਰ ਕੀਤੀ ਜਾ ਰਹੀ ਹੈ, ਜੋ ਇਸ ਮੇਲੇ ਦੌਰਾਨ ਵਿਸ਼ੇਸ਼ ਤੌਰ ‘ਤੇ ਦਿਖਾਈ ਜਾਵੇਗੀ। ਨਾਲ ਹੀ ਨਾਮਵਰ ਪੰਜਾਬੀ ਫਿਲਮਾਂ ਵੀ ਦਿਖਾਈਆਂ ਜਾਣਗੀਆਂ। ਮੇਲੇ ਦੌਰਾਨ ਪੰਜਾਬੀ ਫਿਲਮਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਮੁਤਾਬਿਕ ਇਨਾਮ ਦਿੱਤੇ ਜਾਣਗੇ ਅਤੇ ਕਲਾਕਾਰਾਂ ਨੂੰ ਬੈਸਟ ਅਦਾਕਾਰ, ਸਰਬੋਤਮ ਅਭਿਨੇਤਰੀ, ਕਾਮੇਡੀ ਕਲਾਕਾਰ, ਸਹਿਯੋਗੀ ਕਲਾਕਾਰ ਆਦਿ ਦੀਆਂ ਵੱਖ-ਵੱਖ ਸ਼੍ਰੇਣੀਆਂ ਅਨੁਸਾਰ ਪੁਰਸਕਾਰ ਦਿੱਤੇ ਜਾਣਗੇ।

