ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਿਟੀ ਬਿਉਟੀਫੁੱਲ ਚੰਡੀਗੜ੍ਹ ਦੇ ਲੋਕਾਂ ਲਈ ਇੱਕ ਖਾਸ ਖੁਸ਼ਖਬਰੀ ਹੈ। ਦੱਸ ਦਈਏ ਰੇਲਵੇ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਚਲਾਉਣ ਲਈ ਮੁੰਬਈ ਅਤੇ ਅਹਿਮਦਾਬਾਦ ਦਰਮਿਆਨ ਬਣਾਏ ਜਾ ਰਹੇ ਹਾਈ ਸਪੀਡ ਕਾਰੀਡੋਰ ਦੀ ਤਰਜ਼ ‘ਤੇ ਦੇਸ਼ ਭਰ ਵਿੱਚ ਅਜਿਹੇ ਛੇ ਹੋਰ ਕੋਰੀਡੋਰ ਬਣਾਉਣ ਦੀ ਤਿਆਰੀ ‘ਚ ਹੈ। ਇਨ੍ਹਾਂ ਵਿੱਚ ਦਿੱਲੀ ਤੋਂ ਅੰਮ੍ਰਿਤਸਰ ਦਾ ਇੱਕ ਨਵਾਂ ਰਸਤਾ ਸ਼ਾਮਲ ਹੈ, ਜੋ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ, ਜਲੰਧਰ ਹੁੰਦੇ ਹੋਏ ਪਹੁੰਚੇਗਾ। ਇਸ ਮਾਰਗ ਦੀ ਕੁੱਲ ਲੰਬਾਈ 459 ਕਿਲੋਮੀਟਰ ਹੋਵੇਗੀ।
ਜਾਣਕਾਰੀ ਮੁਤਾਬਿਕ ਇਸ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) 2020 ਤੱਕ ਤਿਆਰ ਕੀਤੀ ਜਾਏਗੀ। ਇਸ ਦੀ ਪੁਸ਼ਟੀ ਰੇਲਵੇ ਬੋਰਡ ਦੇ ਚੇਅਰਮੈਨ ਵੀ ਕੇ ਯਾਦਵ ਨੇ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ, ਦੇਸ਼ ਭਰ ‘ਚ ਮੁੰਬਈ ਅਤੇ ਅਹਿਮਦਾਬਾਦ ਦਰਮਿਆਨ ਬਣ ਰਹੇ ਹਾਈ ਸਪੀਡ ਕਾਰੀਡੋਰ ਦੀ ਤਰਜ਼ ਨਾਲ ਕੁੱਲ ਛੇ ਕੋਰੀਡੋਰਾਂ ਲਈ ਮਾਰਗਾਂ ਨੂੰ ਚਿੰਨ੍ਹਿਤ ਕੀਤਾ ਗਿਆ ਹੈ। ਦੱਸ ਦੇਈਏ ਕਿ, ਟ੍ਰੇਨ ਨੂੰ ਹਾਈ ਸਪੀਡ ਲਾਂਘੇ ‘ਤੇ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾਇਆ ਜਾ ਸਕਦਾ ਹੈ, ਜਦਕਿ ਸੈਮੀ ਹਾਈ ਸਪੀਡ ਕਾਰੀਡੋਰ ‘ ਤੇ ਵੱਧ ਤੋਂ ਵੱਧ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਹੈ।
ਚੇਅਰਮੈਨ ਯਾਦਵ ਨੇ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਤੋਂ ਪਹਿਲਾਂ ਇਸ ਵਿੱਚ ਪੇਸ਼ ਮਤੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ, ਹਾਈ ਸਪੀਡ ਰੇਲਗੱਡੀ ਇਨ੍ਹਾਂ ਛੇ ਨਿਸ਼ਾਨੇ ਵਾਲੇ ਰੂਟਾਂ ‘ਤੇ ਚੱਲੇਗੀ ਜਾਂ ਅਰਧ ਹਾਈ ਸਪੀਡ ਟਰੈਕ ਬਣਾਇਆ ਜਾਵੇਗਾ, ਇਸ ਦਾ ਫੈਸਲਾ ਡੀਪੀਆਰ ਦੇ ਤਿਆਰ ਹੋਣ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ। ਇਨ੍ਹਾਂ ਰੂਟਾਂ ਦੀ ਸੰਭਾਵਨਾ ਦਾ ਮੁਲਾਂਕਣ ਡੀਪੀਆਰ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਜ਼ਮੀਨ ਦੀ ਉਪਲਬਧਤਾ, ਟਰੈਕ ਅਲਾਈਨਮੈਂਟ ਅਤੇ ਟ੍ਰੈਫਿਕ ਸਮਰੱਥਾ ਦਾ ਅਧਿਐਨ ਸ਼ਾਮਲ ਹੈ।
ਜੇ ਅਜਿਹਾ ਹੋ ਜਾਂਦਾ ਹੈ ਤਾਂ ਦਿੱਲੀ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੀ ਦੂਰੀ ਅੱਧੇ ਤੋਂ ਘੱਟ ਸਮੇਂ ‘ਚ ਪੂਰੀ ਕੀਤੀ ਜਾ ਸਕੇਗੀ। ਨਵਾਂ ਬੁਲੇਟ ਟਰੇਨ ਪ੍ਰੋਜੈਕਟ ਸਮਾਂ ਬਚਾਵੇਗਾ।


