ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਦਾ ਇਤਿਹਾਸ ਗੌਰਵਸ਼ਾਲੀ ਇਤਿਹਾਸ ਰਿਹਾ ਹੈ। 1947 ਤੋਂ ਪਹਿਲਾਂ ਭਾਰਤ ਦੀ ਆਜਾਦੀ ਅਤੇ ਇਸ ਦੇ ਗਣਤੰਤਰ ਰੂਪ ਨੂੰ ਕੇਵਲ ਇੱਕ ਸੁਪਨਾ ਹੀ ਮੰਨਿਆ ਜਾਂਦਾ ਸੀ ਪਰ ਫਿਰ 26 ਜਨਵਰੀ 1950 ਨੂੰ ਭਾਰਤ ਨੂੰ ਇੱਕ ਗਣਤੰਤਰ ਦੇਸ਼ ਦਾ ਰੂਪ ਦੇ ਦਿੱਤਾ ਗਿਆ, ਜਿਸ ਵਿੱਚ ਲੋਕਾਂ ਦੁਆਰਾ ਚੁਣੇ ਹੋਏ ਵਿਅਕਤੀ ਦੇਸ਼ ਦੀ ਪ੍ਰਤੀਨਿਧਤਾ ਕਰਦੇ ਹਨ। ਦੇਸ਼ ਵਿੱਚ ਸੰਵਿਧਾਨ ਜ਼ਰੀਏ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਹੱਕ ਦਿੱਤੇ ਗਏ ਹਨ ਅਤੇ ਨਾਲ ਦੀ ਨਾਲ ਉਨ੍ਹਾਂ ਨੂੰ ਕੁੱਝ ਕਰਤੱਵ ਹੀ ਦੱਸੇ ਗਏ ਤਾਂ ਜੋ ਲੋਕਤੰਤਰਕ ਦੇਸ਼ ਵਿੱਚ ਸਭ ਸਹੀ ਤਰੀਕੇ ਨਾਲ ਚੱਲ ਸਕੇ।
71ਵਾਂ ਗਣਤੰਤਰ ਦਿਵਸ ਰਹੇਗਾ ਖਾਸ
ਸਾਲ 2020 ਵਿੱਚ ਭਾਰਤ ਇੱਕ ਗਣਤੰਤਰ ਦੇਸ਼ ਦੇ ਰੂਪ ਵਿੱਚ 26 ਜਨਵਰੀ ਨੂੰ ਪੂਰੇ 71 ਸਾਲਾਂ ਦਾ ਹੋ ਜਾਵੇਗਾ। ਆਏ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੇਂਦਰ ਸਰਕਾਰ ਨੇ ਇਸ ਗਣਤੰਤਰ ਦਿਵਸ ਨੂੰ ਯਾਦਗਾਰ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਹੈ। ਇਸ ਵਾਰ ਰਾਜਪਥ ‘ਤੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾਉਣਗੇ। ਇਸ ਦੇ ਨਾਲ ਹੀ ਰਾਸ਼ਟਰਪਤੀ ਦੇਸ਼ ਦੇ ਨਾਮ ਸੰਦੇਸ਼ ਵੀ ਜਾਰੀ ਕਰਨਗੇ। ਭਾਰਤ ਇੱਕ ਬਹੁ-ਭਾਸ਼ਾਵੀ ਦੇਸ਼ ਰਿਹਾ ਹੈ। ਭਾਰਤ ਨੇ ਦੇਸ਼ ਵਿੱਚ ਹਰ ਭਾਸ਼ਾ, ਹਰ ਧਰਮ ਅਤੇ ਹਰ ਵਿਅਕਤੀ ਨੂੰ ਬਰਾਬਰ ਸਤਿਕਾਰ ਦਿੱਤਾ ਹੈ। ਉਹ ਫਿਰ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਿਉਂ ਨਾ ਹੋਵੇ।
ਭਾਰਤ ਦੇ ਅਨੇਕਾਂ ਸਭਿਆਚਾਰਕ ਰੰਗ ਹਨ। ਹਰੇਕ ਖਿੱਤੇ ਦੀ ਆਪਣੀ ਭਾਸ਼ਾ ਹੈ ਅਤੇ ਆਪਣਾ ਇੱਕ ਵੱਖਰਾ ਸਵਰੂਪ। ਭਾਰਤ ਦੇ ਵੱਖ-ਵੱਖ ਖਿੱਤਿਆਂ, ਨੂੰ ਦਰਸਾਉਦੀਆਂ ਝਾਕੀਆਂ ਇੱਕ ਵਾਰ ਫਿਰ ਦਿੱਲੀ ਦੇ ਰਾਜਪਥ ‘ਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਨਗੀਆਂ। ਇਨ੍ਹਾਂ ਪ੍ਰਦਰਸ਼ਨੀਆਂ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਲੋਕ ਰਾਜਪਥ ਦੇ ਇਸ ਭਾਰਤ ਨੂੰ ਦੇਖਣ ਲਈ ਪਹੁੰਚਦੇ ਹਨ ਅਤੇ ਇਸ ਵਾਰ ਫਿਰ ਪਹੁੰਚਣਗੇ। ਇਸ ਖਾਸ ਮੌਕੇ ‘ਤੇ ਦੇਸ਼ ਦੇ ਰੱਖਿਆ ਵਿਭਾਗਾਂ ਵਲੋਂ ਪਰੇਡ ਵੀ ਕਰੀਆਂ ਜਾਂਦੀਆਂ ਹਨ। ਇਸ ਜ਼ਰੀਏ ਦੇਸ਼ ਦੇ ਰੱਖਿਆ ਖੇਤਰ ਨਾਲ ਜੁੜੇ ਜਵਾਨਾਂ ਦੀ ਦਿਲ ਖਿੱਚਵੀ ਲੈਅ ਲੋਕਾਂ ਨੂੰ ਮੰਤਰ-ਮੁਗਧ ਕਰਦੀ ਹੈ, ਜੋ ਕਿ ਇਸ ਵਾਰ ਵੀ ਆਪਣੇ ਇੱਕ ਨਵੇਂ ਰੋਂਅ ਅਤੇ ਨਵੇ ਜੋਸ਼ ਨਾਲ ਰਾਜਪਥ ‘ਤੇ ਲੋਕਾਂ ਸਾਹਮਣੇ ਵਿਚਰੇਗੀ।
ਭਾਰਤ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਕੁਝ ਝਾਕੀਆਂ ਕੱਢੀਆਂ ਜਾਣਗੀਆਂ। ਝਾਕੀਆਂ ਕਿਸੇ ਸਮਾਜਿਕ ਜਾਂ ਵਾਤਾਵਾਰਨਿਕ ਵਿਸ਼ਿਆਂ ਨੂੰ ਲੈ ਕੇ ਲੋਕਾਂ ਦੀ ਸੋਚ ਨੂੰ ਬਦਲਣ ਦੇ ਮਕਸਦ ਨਾਲ ਚੁਣੀਆਂ ਜਾਂਦੀਆਂ ਹਨ, ਜੋ ਕਿ ਲੋਕਾਂ ਦੀ ਕੁਝ ਗੰਭੀਰ ਸਮਾਜਿਕ ਅਤੇ ਵਾਤਾਵਾਰਣਿਕ ਵਿਸ਼ਿਆਂ ਪ੍ਰਤੀ ਨਾਂਹ ਪੱਖੀ ਸੋਚ ਨੂੰ ਬਦਲਣ ਦੇ ਮੰਤਵ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ।
ਇਸੇ ਦਿਨ ਦੇਸ਼ ਦੇ ਪਹਿਲੇ ਰਾਸ਼ਟਰਪਤੀ ਨੇ ਚੁੱਕੀ ਸੀ ਸੰਹੁ
ਦੱਸ ਦਈਏ ਕਿ, ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸਾਦ ਨੇ ਇਸੇ ਦਿਨ ਦੇਸ਼ ਦੇ ਪਹਿਲੇ ਰਾਸ਼ਟਰਪਤੀ ਦੇ ਤੌਰ ਤੇ ਸੰਹੁ ਚੁੱਕੀ ਸੀ। 26 ਜਨਵਰੀ 1950 ਨੂੰ ਕਰੀਬ 31 ਤੋਪਾਂ ਦੀ ਸਲਾਮੀ ਨਾਲ ਦੇਸ਼ ਦੇ ਪਹਿਲੇ ਰਾਸ਼ਟਰਪਤੀ ਦੇ ਸੰਹੁ ਚੁਕਣ ਤੋਂ ਠੀਕ 6 ਮਿੰਟ ਪਹਿਲਾਂ ਹੀ ਸਰਕਾਰ ਨੇ ਭਾਰਤ ਨੂੰ ਗਣਤੰਤਰ ਦੇ ਤੌਰ ’ਤੇ ਦਰਜਾ ਦਿੱਤਾ ਸੀ।
ਇਸੇ ਦਿਨ ਲਾਗੂ ਵੀ ਹੋਇਆ ਸੀ ਸੰਵਿਧਾਨ
ਡਾ. ਬੀ ਆਰ ਅੰਬੇਦਕਰ ਦੀ ਪ੍ਰਧਾਨਗੀ ਹੇਠ 389 ਮੈਬਰਾਂ ਦੁਆਰਾ ਬਣਾਏ ਗਏ ਭਾਰਤੀ ਸੰਵਿਧਾਨ ਨੇ ਦੇਸ਼ ਨੂੰ ਲੋਕਤੰਤਰੀ ਕਰਨ ਵਿੱਚ ਇੱਕ ਅਹਿਮ ਯੋਗਦਾਨ ਪਾਇਆ। ਦੱਸ ਦਈਏ ਕਿ, ਭਾਰਤੀ ਸੰਵਿਧਾਨ 2 ਸਾਲ 11 ਮਹੀਨੇ ਅਤੇ 18 ਦਿਨਾਂ ਵਿੱਚ ਤਿਆਰ ਹੋਇਆ ਸੀ। 26 ਜਨਵਰੀ ਨੂੰ ਲਾਗੂ ਹੋਏ ਇਸ ਭਾਰਤੀ ਸੰਵਿਧਾਨ ਨੂੰ ਦੁਨਿਆਂ ਦੇ ਕਈ ਹੋਰਨਾਂ ਦੇਸ਼ਾਂ ਦੇ ਸੰਵਿਧਾਨਾਂ ਤੋਂ ਇਕਤਰ ਕੁਝ ਨਾ ਕੁਝ ਤੱਤਾਂ ਜ਼ਰੀਏ ਮਜ਼ਬੂਤ ਬਣਾਇਆ ਗਿਆ।




