ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੰਗਲਵਾਰ ਰਾਤ ਜਲੰਧਰ ਫਗਵਾੜਾ ਮੁੱਖ ਮਾਰਗ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਬੁਲਟ ਮੋਟਰਸਾਇਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਤਿੰਨੇ ਨੌਜਵਾਨ ਜਲੰਧਰ ਦੇ ਰਿਮਜ ਹਸਪਤਾਲ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ। ਇਹ ਤਿੰਨੇ ਨੌਜਵਾਨ ਪੀਏਪੀ ਚੌਂਕ ਤੋਂ ਫਗਵਾੜਾ ਵਲ ਆ ਰਹੇ ਸਨ। ਹਾਦਸੇ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਤਿੰਨੇ ਨੌਜਵਾਨਾਂ ਦੀ ਲਾਸ਼ ਨੂੰ ਨੇੜੇ ਸਰਕਾਰੀ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ।
ਇਸ ਸੰਬੰਧੀ ਮੌਕੇ ‘ਤੇ ਮੌਜੂਦ ਰਾਮਾਮੰਡੀ ਥਾਣਾ ਦੇ ਸਹਾਇਕ ਥਾਣੇਦਾਰ ਰਾਮੇਸ਼ ਕੁਮਾਰ ਨੇ ਦੱਸਿਆ ਕਿ, ਤਿੰਨੇ ਮ੍ਰਿਤਕ ਨੌਜਵਾਨ ਜਲੰਧਰ ਦੇ ਰਿਮਜ ਹਸਪਤਾਲ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਸਨ। ਇਨ੍ਹਾਂ ਦੀ ਪਛਾਣ ਵਨੀਤ ਕੁਮਾਰ ਨਿਵਾਸੀ ਪਟਿਆਲਾ, ਤੇਜਪਾਲ ਸਿੰਘ ਵਾਸੀ ਬਠਿੰਡਾ ਅਤੇ ਕੁਲਦੀਪ ਸਿੰਘ ਵਾਸੀ ਬਟਾਲਾ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ, ਤੇਜ਼ ਰਫਤਾਰ ਕਾਰਨ ਇਹ ਹਾਦਸਾ ਵਾਪਰਿਆ ਹੈ।
ਕੀ ਰਿਹਾ ਹਾਦਸੇ ਦਾ ਕਾਰਨ
ਹਾਦਸੇ ਦੇ ਕਾਰਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਸ਼ਪਸ਼ਟ ਕਹਿਣਾ ਸੰਭਵ ਨਹੀਂ ਕਿ ਹਾਦਸੇ ਦਾ ਕੀ ਕਾਰਨ ਰਿਹਾ ਹੋਵੇਗਾ ਪਰ ਪੁਲਿਸ ਮੁਤਾਬਿਕ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਜਰੂਰ ਆਇਆ ਹੈ ਕਿ, ਇਹ ਹਾਦਸਾ ਮੋਟਰਸਾਇਕਲ ਦੇ ਤਿਲਕਣ ਕਾਰਨ ਵਾਪਰਿਆ ਹੈ। ਬਹਿਰਹਾਲ ਪੁਲਿਸ ਵਲੋਂ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਹੋਈਆਂ ਹਨ।


