ਜੰਮੂ-ਕਸ਼ਮੀਰ: ਭਾਰਤੀ ਫੌਜ ਵਲੋਂ ਤਿੰਨ ਅੱਤਵਾਦੀਆਂ ਸਮੇਤ ਡੀਐਸਪੀ ਕਾਬੂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੰਮੂ ਕਸ਼ਮੀਰ ਦੇ ਡੀਐਸਪੀ ਰੈਂਕ ਦੇ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਦੇ ਅੱਤਵਾਦੀਆਂ ਨਾਲ ਫੜੇ ਜਾਣ ਤੋਂ ਬਾਅਦ ਘਾਟੀ ਵਿੱਚ ਇੱਕ ਤਰ੍ਹਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੰਮੂ ਕਸ਼ਮੀਰ ਦੇ ਡੀਐਸਪੀ ਰੈਂਕ ਦੇ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਦੇ ਅੱਤਵਾਦੀਆਂ ਨਾਲ ਫੜੇ ਜਾਣ ਤੋਂ ਬਾਅਦ ਘਾਟੀ ਵਿੱਚ ਇੱਕ ਤਰ੍ਹਾਂ ਨਾਲ ਤਰਥਲੀ ਜਿਹੀ ਮੱਚ ਗਈ ਹੈ। ਘਾਟੀ ਵਿੱਚ ਫੌਜ ਵਲੋਂ ਇੱਕ ਸੂਚਨਾ ਦੇ ਅਧਾਰ ‘ਤੇ ਭਾਰਤੀ ਫੌਜ ਵਲੋਂ ਤਲਾਸ਼ੀ ਮੁਹਿੰਮ ਦੌਰਾਨ ਡੀਐਸਪੀ ਦਵਿੰਦਰ ਸਿੰਘ ਨੂੰ ਇੱਕ ਕਾਰ ਵਿੱਚ ਹਿਜਬੂਲ ਦੇ ਤਿੰਨ ਅੱਤਵਾਦੀਆਂ ਸਮੇਤ ਫੜਿਆ ਗਿਆ ਹੈ।

ਬਾਕੀ ਦੇ ਫੜੇ ਗਏ ਤਿੰਨ ਅੱਤਵਾਦੀਆਂ ਵਿਚੋਂ ਦੋ ਅੱਤਵਾਦੀ ਵੱਖ-ਵੱਖ ਸਮੇਂ ਦੌਰਾਨ ਪੁਲਿਸ ਵਿੱਚ ਤਾਇਨਾਤ ਸਨ। ਇਹਨਾਂ ਵਿੱਚ ਪਹਿਲੇ ਅੱਤਵਾਦੀ ਦਾ ਨਾਮ ਨਾਵੇਦ ਬਾਬੂ ਦੱਸਿਆ ਜਾ ਰਿਹਾ ਹੈ। ਨਾਵੇਦ ਬਾਬੂ ‘ਤੇ ਇਲਜਾਮ ਹੈ ਕਿ, ਉਹ 2017 ‘ਚ ਬਡਗਾਮ ਤੋਂ ਆਪਣੀ ਸਰਵਿਸ ਬੰਦੂਕ ਲੈ ਕੇ ਫਰਾਰ ਹੋ ਗਿਆ ਸੀ ਅਤੇ ਬਾਅਦ ਵਿੱਚ ਨਾਵੇਦ ਦੇ ਹਿਜਬੂਲ ਵਿੱਚ ਸ਼ਾਮਿਲ ਹੋਣ ਦੀ ਰਿਪੋਰਟ ਦਿੱਤੀ ਗਈ ਸੀ।

ਇਸ ਦੌਰਾਨ ਫੜਿਆ ਗਿਆ ਦੂਜਾ ਅੱਤਵਾਦੀ ਵੀ ਜੰਮੂ-ਕਸ਼ਮੀਰ ‘ਚ ਪੁਲਿਸ ਅਫ਼ਸਰ ਦੇ ਅਹੁਦੇ ‘ਤੇ ਕਿਸੇ ਸਮੇਂ ਤਾਇਨਾਤ ਸੀ। ਇਸ ਅੱਤਵਾਦੀ ਦੀ ਪਛਾਣ ਰਫੀ ਅਹਿਮਦ ਨਾਂ ਤੋਂ ਕੀਤੀ ਗਈ ਹੈ, ਜੋ ਕਿ ਸ਼ੋਪੀਆਂ ਦੇ ਇੱਕ ਵਿਧਾਇਕ ਦੇ ਸੁੱਰਖਿਆ ਦਸਤੇ ਵਿੱਚ ਸ਼ਾਮਿਲ ਸੀ ਪਰ 2018 ਵਿੱਚ ਇਹ ਪੁਲਿਸ ਅਫ਼ਸਰ 7 ਬੰਦੂਕਾਂ ਅਤੇ ਇੱਕ ਪਿਸਟਲ ਸਮੇਤ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਰਫੀ ਦੇ ਵੀ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੀ ਖ਼ਬਰ ਮਿਲੀ ਸੀ। ਇਸ ਤੋਂ ਇਲਾਵਾ ਜਿਸ ਕਾਰ ਵਿੱਚ ਡੀਐਮਪੀ ਦਵਿੰਦਰ ਅਤੇ ਇਹ ਦੋਵੇ ਅੱਤਵਾਦੀ ਬੈਠੇ ਫੜੇ ਗਏ ਹਨ,  ਉਹ ਕਾਰ ਇਰਫਾਨ ਅਹਿਮਦ ਮੀਰ ਨਾਮੀ ਅੱਤਵਾਦੀ ਦੀ ਦੱਸੀ ਜਾ ਰਹੀ ਹੈ। ਇਰਫਾਨ ਅਹਿਮਦ ਮੀਰ ‘ਤੇ ਸ਼ੱਕ ਹੈ ਕਿ, ਉਹ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਇਨ੍ਹਾਂ ਅੱਤਵਾਦੀਆਂ ਦੀ ਮਦਦ ਕਰਦਾ ਸੀ।

https://www.facebook.com/LivingIndiaNewschannel/videos/894307314317236/

ਅੱਤਵਾਦੀ ਅਫ਼ਜਲ ਗੁਰੂ ਨਾਲ ਵੀ ਸੀ ਇਸ ਦਾ ਤਾਲੁਕ!

ਦੱਸ ਦਈਏ ਭਾਰਤੀ ਸੰਸਦ ‘ਤੇ ਕੀਤੇ ਹਮਲੇ ਦੇ ਦੋਸ਼ੀ ਅਫ਼ਜਲ ਗੁਰੂ ਨਾਲ ਵੀ ਡੀਐਸਪੀ ਦਵਿੰਦਰ ਸਿੰਘ ਦਾ ਨਾਮ ਜੁੜਿਆ ਰਿਹਾ ਹੈ। ਦਵਿੰਦਰ ਸਿੰਘ ਦੇ ਬਾਰੇ ‘ਚ ਸਾਲ 2004 ‘ਚ ਅਫ਼ਜਲ ਗੁਰੂ ਵਲੋਂ ਲਿਖੀ ਇੱਕ ਚਿੱਠੀ ਵਿੱਚ ਇਹ ਸ਼ਪਸ਼ਟ ਕੀਤਾ ਗਿਆ ਸੀ ਕਿ, ਦਵਿੰਦਰ ਸਿੰਘ ਨਾਂ ਦੇ ਇੱਕ ਪੁਲਿਸ ਅਫ਼ਸਰ ਨੇ ਮੁਹੰਮਦ ਨਾਂ ਦੇ ਅੱਤਵਾਦੀ ਨੂੰ ਸੰਸਦ ਹਮਲੇ ਵਿੱਚ ਸ਼ਾਮਿਲ ਕਰਨ ਬਦਲੇ ਮੁਹੰਮਦ ਨੂੰ ਦਿੱਲੀ ਵਿੱਚ ਇੱਕ ਘਰ ਅਤੇ ਇੱਕ ਕਾਰ ਦੇਣ ਲਈ ਕਿਹਾ ਸੀ। ਮੁਹੰਮਦ ਨਾਂ ਦਾ ਇਹ ਵਿਅਕਤੀ ਵੀ ਸੰਸਦ ਹਮਲੇ ਦਾ ਦੋਸ਼ੀ ਪਾਇਆ ਗਿਆ ਸੀ।

ਦਵਿੰਦਰ ਸਿੰਘ ਜੰਮੂ-ਕਸ਼ਮੀਰ ਪੁਲਿਸ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਇਆ ਸੀ ਪਰ ਹੌਲੀ-ਹੌਲੀ ਦਵਿੰਦਰ ਡੀਐਸਪੀ ਦੇ ਰੈਂਕ ਦਾ ਪੁਲਿਸ ਅਫ਼ਸਰ ਬਣ ਗਿਆ। ਦਵਿੰਦਰ ਇਸ ਸਮੇਂ ਦੌਰਾਨ ਕਈ ਅੱਤਵਾਦ ਵਿਰੋਧੀ ਗਤੀਵਿਧੀਆਂ ਦਾ ਵੀ ਹਿੱਸਾ ਬਣਿਆ ਰਿਹਾ। ਇਸ ਸਮੇਂ ਸ਼੍ਰੀਨਗਰ ਏਅਰਪੋਰਟ ‘ਤੇ ਤਾਇਨਾਤ ਡੀਐਸਪੀ ਦਵਿੰਦਰ ਸਿੰਘ ਨੂੰ ਸਾਲ 2019 ਦੇ ਸੁਤੰਤਰਾ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਜੰਮੂ-ਕਸ਼ਮੀਰ ਆਈਜੀ ਵਿਜੇ ਕੁਮਾਰ ਮੁਤਾਬਿਕ ਦੋਸ਼ੀ ਡੀਐਸਪੀ ਨੂੰ ਗ੍ਰਿਫ਼ਤਾਰ ਕਰ ਰਿਮਾਂਡ ‘ਤੇ ਲੈ ਲਿਆ ਗਿਆ ਹੈ ਅਤੇ ਮਾਮਲੇ ਸੰਬੰਧੀ ਹੋਰ ਪੁੱਛ-ਗਿੱਛ ਜਾਰੀ ਹੈ। ਸੂਤਰਾਂ ਦੀ ਮੰਨੀਏ ਤਾਂ ਦਵਿੰਦਰ ਸਿੰਘ ਨੇ ਰਿਮਾਂਡ ਦੌਰਾਨ ਅੱਤਵਾਦੀਆਂ ਨੂੰ ਚੰਡੀਗੜ੍ਹ ਅਤੇ ਹੋਰਨਾਂ ਸੂਬਿਆਂ ਵਿੱਚ ਮਦਦ ਕਰਨ ਦੀ ਗੱਲ ਕਬੂਲੀ ਹੈ।

 

Leave a Reply

Your email address will not be published. Required fields are marked *