ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿੱਲੀ ਚੋਣਾਂ ਦਾ ਮਾਹੌਲ ਇਨ੍ਹਾਂ ਦਿਨੀਂ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਦੌਰਾਨ ਵਾਦ-ਵਿਵਾਦ ਵੀ ਪੂਰੇ ਸਿਖਰਾਂ ‘ਤੇ ਹੈ। ਇੱਕ ਪਾਸੇ ਦਿੱਲੀ ਵਿੱਚ ਮੀਂਹ ਪਿਆ ਤਾਂ ਦੂਜੇ ਪਾਸੇ ਦਿੱਲੀ ‘ਚ ਸਿਆਸਤ ਦਾ ਪਾਰਾ ਸਿਖਰ ‘ਤੇ ਪਹੁੰਚ ਗਿਆ। ਇਸ ਸਮੇਂ ਚੋਣ ਮੈਦਾਨ ਵਿੱਚ ਬੇਸ਼ਕ ਕਾਂਗਰਸ, ਆਪ ਅਤੇ ਭਾਜਪਾ ਤਿੰਨ ਮੁੱਖ ਪਾਰਟੀਆਂ ਹਨ, ਪਰ ਮੁਕਾਬਲਾ ਮੁੱਖ ਤੌਰ ‘ਤੇ ਆਪ ਅਤੇ ਭਾਜਪਾ ਵਿਚਾਲੇ ਹੀ ਹੁੰਦਾ ਦਿਸ ਰਿਹਾ ਹੈ। ਇੱਕ ਪਾਸੇ ਆਪ ਵਰਕਰ ਆਪਣੀ ਸਰਕਾਰ ਦੇ ਪੰਜ ਸਾਲ ਦੇ ਕੀਤੇ ਕੰਮਾਂ ਦੀ ਜਾਣਕਾਰੀ ਲੋਕਾਂ ਦੇ ਕੰਨੀ ਪਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਆਪ ਪਾਰਟੀ ਕੇਂਦਰ ਸਰਕਾਰ ਨੂੰ ਵੀ ਨਿਸ਼ਾਨੇ ‘ਤੇ ਲੈਣ ਦੀ ਕੋਈ ਕਸਰ ਬਾਕੀ ਨਹੀ ਛੱਡ ਰਹੀ। ਕਿਤੇ ਨਾ ਕਿਤੇ ਹੁਣ ਤੱਕ ਦੀਆਂ ਇਨ੍ਹਾਂ ਸ਼ਬਦੀ ਜੰਗਾਂ ਵਿੱਚ ਕਾਂਗਰਸ ਦਾ ਬੋਲਬਾਲਾ ਨਾਂਹ ਦੇ ਬਰਾਬਰ ਹੈ। ਕਿਤੇ ਨਾ ਕਿਤੇ ਕਾਂਗਰਸ ਨਾਗਰਿਕਤਾ ਅਤੇ ਜੇਐਨਯੂ ਹਿੰਸਾ ਦੇ ਮੁੱਦਿਆਂ ‘ਤੇ ਮੋਹਰੀ ਨਜ਼ਰ ਆ ਰਹੀ ਹੈ।
ਭਾਜਪਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਮੁੱਖ ਚਿਹਰੇ ਅਤੇ ਪ੍ਰਧਾਨ ਅਮਿਤ ਸ਼ਾਹ ਦਿੱਲੀ ਚੋਣ ਮੈਦਾਨ ਵਿੱਚ ਸਰਗਰਮ ਨਜ਼ਰ ਆ ਰਹੇ ਹਨ। ਭਾਜਪਾ ਪ੍ਰਧਾਨ ਦੇ ਨਿਸ਼ਾਨੇ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਹਨ। ਦਿੱਲੀ ਜਿੱਤਣ ਦੀ ਕੋਈ ਵੀ ਕਸਰ ਕੇਂਦਰ ਸਰਕਾਰ ਨਹੀ ਛੱਡਣਾ ਚਾਹੁੰਦੀ, ਇਸ ਕਾਰਨ ਭਾਜਪਾ ਹਰ ਛੋਟੇ ਤੋਂ ਛੋਟੇ ਮੁੱਦੇ ‘ਤੇ ਵੀ ਆਪ ਸਰਕਾਰ ਨੂੰ ਘੇਰਨ ਦੀ ਫਿਰਾਕ ਵਿੱਚ ਹੈ।
ਕੀ ਹਨ ਦਿੱਲੀ ਵਿੱਚ ਮੁੱਖ ਮੁੱਦੇ?
ਭਾਜਪਾ ਵਲੋਂ ਦਿੱਲੀ ਵਿੱਚ ਪ੍ਰਚਾਰ ਦੌਰਾਨ ਮੁੱਖ ਤੌਰ ‘ਤੇ ਦਿੱਲੀ ਅੰਦਰ ਕੇਜਰੀਵਾਲ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮੁਹੱਲਾ ਕਲੀਨਿਕਾਂ ਦੇ ਠੀਕ ਢੰਗ ਨਾਲ ਨਾ ਚੱਲਣ ਅਤੇ ਦਿੱਲੀ ਵਿੱਚ ਆਪ ਸਰਕਾਰ ਵਲੋਂ ਹਰ ਜਗ੍ਹਾ ਕੈਮਰੇ ਲਗਾਉਣ ਦੀ ਗੱਲ ਆਖੀ ਗਈ ਸੀ ਪਰ ਭਾਜਪਾ ਪ੍ਰਧਾਨ ਨੇ ਇਸ ਵਾਅਦੇ ਨੂੰ ਕੇਜਰੀਵਾਲ ਦਾ ਕੇਵਲ ਦਾਅਵਾ ਦੱਸਦਿਆਂ ਦਿੱਲੀ ਵਿੱਚ ਨਾ-ਮਾਤਰ ਹੀ ਕੈਮਰੇ ਲੱਗੇ ਹੋਣ ਦੀ ਗੱਲ ਆਪਣੀ ਦਿੱਲੀ ਰੈਲੀ ਦੌਰਾਨ ਕਹੀ ਸੀ।
ਗੱਲ ਜੇ ਦਿੱਲੀ ਭਾਜਪਾ ਨੇਤਾ ਮਨੋਜ ਤਿਵਾਰੀ ਦੀ ਕੀਤੀ ਜਾਵੇ ਤਾਂ ਉਹ ਵੀ ਇਸ ਮਾਮਲੇ ਵਿੱਚ ਅੱਗੇ ਨਜ਼ਰ ਆ ਰਹੀ ਹੈ। ਦਿੱਲੀ ਤੋਂ ਮੈਂਬਰ ਪਾਰਲੀਮੈਂਟ ਅਤੇ ਭਾਜਪਾ ਦੇ ਕੇਦਰੀ ਮੰਤਰੀ ਡਾ. ਹਰਸ਼ਵਰਧਨ ਨੇ ਵੀ ਆਪਣੇ ਟਵਿਟਰ ਹੈਂਡਲ ਜ਼ਰੀਏ ਮੁਹੱਲਾ ਕਲੀਨਿਕਾਂ ਦੀ ਹਾਲਤ ਨੂੰ ਮਾੜਾ ਦੱਸਦਿਆਂ ਆਪ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਸਾਰੇ ਆਪ ਵਲੰਟੀਅਰ ਚੋਣ ਮੁਹਿੰਮ ਵਿੱਚ ਜੁਟੇ ਨਜ਼ਰ ਆ ਰਹੇ ਹਨ। 2015 ਦੀਆਂ ਦਿੱਲੀ ਚੋਣਾਂ ਵਿੱਚ ਕਈ ਵੱਡੇ ਵਾਅਦਿਆਂ ਨਾਲ ਉੱਤਰੀ ਕੇਜਰੀਵਾਲ ਸਰਕਾਰ ਨੇ ਜਿਆਦਾਤਰ ਵਾਅਦੇ ਪੂਰੇ ਕੀਤੇ ਹਨ, ਜਿਵੇਂ ਮੁਫਤ ਪਾਣੀ ਦੇਣ ਦਾ ਵਾਆਦਾ, ਬਿਜਲੀ ਮੁਆਫੀ ਦਾ ਵਾਅਦਾ ਅਤੇ ਰੋਜ਼ਗਾਰ ਦੇਣ ਦਾ ਵਾਅਦਾ ਸ਼ਾਮਿਲ ਹੈ। ਕੇਜਰੀਵਾਲ ਸਰਕਾਰ ਨੇ ਸਿੱਖ ਵੋਟ ਨੂੰ ਆਪਣੇ ਵੱਲ ਖਿੱਚਣ ਲਈ 84 ਦੰਗਾਂ ਪੀੜਤਾਂ ਨੂੰ ਮੁਆਵਜਾ ਦੇਣ ਦਾ ਵਾਅਦਾ ਵੀ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਹੈ।
ਹੁਣ ਦਿੱਲੀ ਸਰਕਾਰ ਭਾਜਾਪਾ ਨੂੰ ਦੇਸ਼ ਅੰਦਰ ਵੱਧਦੀ ਮਹਿੰਗਾਈ, ਨਾਗਰਿਕਤਾ ਸੋਧ ਕਾਨੂੰਨ ਅਤੇ ਦੇਸ਼ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਵਰਗੇ ਮੁੱਦਿਆ ‘ਤੇ ਘੇਰਦੀ ਨਜ਼ਰ ਆ ਰਹੀ ਹੈ। ਚੋਣਾਂ ਦੇ ਐਲਾਨ ਤੋਂ ਤੁਰੰਤ ਬਾਆਦ ਕੇਜਰੀਵਾਲ ਨੇ ਆਪਣੇ ਟਵਿਟਰ ਹੈਡਲ ਤੋਂ ਟਵੀਟ ਕਰਦੇ ਹੋਏ ਲਿਖਿਆ ਸੀ ਕਿ, ਇਸ ਵਾਰ ਚੋਣਾਂ ਕੰਮ ਦੇ ਆਧਾਰ ‘ਤੇ ਹੋਣਗੀਆਂ। ਹੁਣ ਵੇਖਣਾ ਇਹ ਹੋਵੇਗਾ ਕਿ, ਦਿੱਲੀ ਵਾਸੀ ਕਿਸ ਵੱਲ ਜਿਆਦਾ ਉਤਸ਼ਾਹਿਤ ਹੁੰਦੇ ਹਨ ਕੇਜਰੀਵਾਲ ਸਰਕਾਰ ਦੇ ਕੰਮਾਂ ਵੱਲ ਜਾਂ ਭਾਜਪਾ ਸਰਕਾਰ ਦੀਆਂ ਨੀਤੀਆਂ ਵੱਲ।
ਪ੍ਰਸ਼ਾਤ ਕਿਸ਼ੋਰ ਲਾਭਕਾਰੀ ਜਾਂ ਨਹੀ?
ਦਿੱਲੀ ਦੀ ਕੇਜਰੀਵਾਲ ਸਰਕਾਰ ਨੇ 2020 ਦੀਆਂ ਦਿੱਲੀ ਚੋਣਾਂ ਹਰ ਹੀਲੇ ਜਿੱਤਣ ਲਈ ਇਸ ਵਾਰ ਪ੍ਰਸਿੱਧ ਭਾਰਤੀ ਰਾਜਨੀਤਿਕਾਰ ਪ੍ਰਸ਼ਾਤ ਕਿਸ਼ੋਰ ਨੂੰ ਆਪਣੇ ਨਾਲ ਜੋੜਿਆ ਹੈ। ਪ੍ਰਸ਼ਾਤ ਕਿਸ਼ੋਰ ਨੇ ਇਸ ਤੋਂ ਪਹਿਲਾਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਜਿੱਤਣ ਵਿੱਚ ਮਦਦ ਕੀਤੀ ਸੀ ਅਤੇ ਉਸ ਤੋਂ ਬਾਅਦ ਬਿਹਾਰ ਵਿੱਚ ਨੀਤੀਸ਼ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਜੇਕਰ ਪ੍ਰਸ਼ਾਤ ਕਿਸ਼ੋਰ ਦੇ ਇਤਿਹਾਸ ਨੂੰ ਵੇਖਿਆ ਜਾਵੇ ਤਾਂ ਕੇਜਰੀਵਾਲ ਸਰਕਾਰ ਦੀ ਜਿੱਤ ਪੱਕੀ ਹੈ ਪਰ ਅਸਲ ਹਕੀਕਤ ਤਾਂ 11 ਫਰਵਰੀ ਨੂੰ ਹੀ ਪਤਾ ਲੱਗੇਗੀ ਕਿ, ਦਿੱਲੀ ਕਿਸ ਪਾਰਟੀ ਦੇ ਹੱਕ ਵਿੱਚ ਆਪਣਾ ਫਤਵਾ ਦਿੰਦੀ ਹੈ।
ਦੱਸ ਦਈਏ ਕਿ, ਦਿੱਲੀ ਵਿੱਚ ਇਸ ਸਮੇਂ ਚੋਣ ਜਾਬਤਾ ਲੱਗਿਆ ਹੋਇਆ ਹੈ, ਜਿਸ ਕਾਰਨ ਮੁੱਖ ਰਾਜਨੀਤਿਕ ਪਾਰਟੀਆਂ ਦਿੱਲੀ ਵਿੱਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀਆਂ ਹਨ। ਦਿੱਲੀ ਵਿੱਚ ਚੋਣਾਂ 8 ਫਰਵਰੀ ਨੂੰ ਹੋਣੀਆਂ ਹਨ ਅਤੇ 11 ਫਰਵਰੀ ਨੂੰ ਚੋਣ ਨਤੀਜੇ ਜਾਰੀ ਕੀਤੇ ਜਾਣਗੇ।



