ਬੀਤੇ ਸ਼ੁਕਰਵਾਰ ਨੂੰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਪਾਕਿਸਤਾਨ ਦੇ ਬਾਹਰ ਪ੍ਰਦਰਸ਼ਨ ਕਰਨ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਜਿੰਮੇਵਾਰ ਮੁੱਖ ਆਰੋਪੀ ਨੂੰ ਪਾਕਿਸਤਾਨ ਦੇ ਪੰਜਾਬ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਮਰਾਨ ਚਿਸ਼ਤੀ ਨਾਂ ਦੇ ਇਸ ਸ਼ਖਸ ਨੇ ਸਿੱਖਾਂ ਦੇ ਮੱਕਾ-ਮਦੀਨਾ ਕਹੇ ਜਾਣ ਵਾਲੇ ਪਾਕਿਸਤਾਨ ਸਥਿਤ ਗੁਰਦਵਾਰਾ ਸ਼੍ਰੀ ਨਾਨਕਾਣਾ ਸਾਹਿਬ ਉੱਪਰ ਪਥਰਾਅ ਕੀਤਾ ਅਤੇ ਸਿੱਖਾਂ ਦੇ ਇਸ ਪਵਿੱਤਰ ਅਸਥਾਨ ਦਾ ਨਾਮ ਬਦਲ ਕੇ ਗੁਲਾਮ-ਏ-ਮੁਸਤਫਾ ਵੀ ਰੱਖਣ ਦੀ ਗੱਲ ਆਖੀ ਸੀ।
ਇਸ ਦੌਰਾਨ ਗੁਰਦਵਾਰਾ ਸਾਹਿਬ ਅੰਦਰ ਮੌਜੂਦ ਸੰਗਤਾਂ ਅੰਦਰ ਕਾਫੀ ਸਹਿਮ ਦਾ ਮਾਹੌਲ ਵੀ ਪਾਇਆ ਜਾ ਰਿਹਾ ਸੀ। ਇਸ ਮੌਕੇ ਭਾਰੀ ਗਿਣਤੀ ਵਿੱਚ ਮੁਸਲਮਾਨਾਂ ਨੂੰ ਇਸ ਸ਼ਖਸ ਨੇ ਸਿੱਖਾਂ ਖਿਲਾਫ਼ ਉਕਸਾਇਆ ਸੀ ਜਿਸ ਦੀ ਕਿ ਵੀਡੀਓ ਵੀ ਵਾਇਰਲ ਹੋਈ ਸੀ।
ਭਾਰਤ ਅੰਦਰ ਵੱਸਦੇ ਸਿੱਖਾਂ ਵਿੱਚ ਸੀ ਭਾਰੀ ਰੋਸ
ਪਾਕਿਸਤਾਨ ਅੰਦਰ ਹੋਏ ਇਸ ਘਟਨਾਕ੍ਰਮ ਤੋਂ ਬਾਅਦ ਭਾਰਤ ਅੰਦਰ ਵੱਸਦੇ ਸਿੱਖਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ। ਜਿਸ ਤਹਿਤ ਕਈ ਜਗ੍ਹਾ ਪਾਕਿਸਤਾਨ ਖਿਲਾਫ਼ ਰੋਸ ਪ੍ਰਦਸ਼ਨ ਵੀ ਹੋਏ। ਜਿਸ ਤੋਂ ਬਾਅਦ ਭਾਰਤ ਸਰਕਾਰ ਨੂੰ ਪਾਕਿਸਤਾਨ ਤੇ ਦਬਾਅ ਬਣਾਉਣਾ ਪਿਆ, ਨਤੀਜੇ ਵਜੋਂ ਆਰੋਪੀ ਇਮਰਾਨ ਚਿਸ਼ਤੀ ਦੀ ਗ੍ਰਿਫਤਾਰੀ ਹੋਈ ਹੈ।
ਧਾਰਮਿਕ ਜਥੇਬੰਦੀਆਂ ਨੇ ਕੀਤੀ ਸੀ ਨਿਖੇਧੀ
ਇਸ ਮਾਮਲੇ ‘ਤੇ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਸਮੇਤ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਵੀ ਗੁਰਦਵਾਰਾ ਸਾਹਿਬ ਉੱਪਰ ਹੋਏ ਹਮਲੇ ਦੀ ਨਖੇਧੀ ਕੀਤੀ ਗਈ ਸੀ। ਇਸੇ ਤਰ੍ਹਾਂ ਪਾਕਿਤਾਨ ਦੇ ਸਿੱਖਾਂ ਵਲੋਂ ਵੀ ਰੋਸ ਮੁਜਾਹਰੇ ਕੀਤੇ ਗਏ ਸਨ। ਜਿਸ ਤੋਂ ਬਾਅਦ ਪਾਕਿਸਤਾਨ ਦੇ ਕਈ ਮੁਸਲਿਮ ਧਾਰਮਿਕ ਆਗੂ ਵੀ ਗੁਰਦਵਾਰਾ ਸਾਹਿਬ ਉੱਪਰ ਹੇਏ ਹਮਲੇ ਦੇ ਖਿਲਾਫ਼ ਅਵਾਜ਼ ਉਠਾਉਦੇ ਨਜ਼ਰ ਆਏ ਸਨ।
ਗ੍ਰਿਫ਼ਤਾਰੀ ਤੋਂ ਪਹਿਲਾਂ ਮੰਗੀ ਸੀ ਮੁਆਫੀ
ਆਰੋਪੀ ਇਮਰਾਨ ਚਿਸ਼ਤੀ ਨੇ ਸਿੱਖਾਂ ਦੇ ਵੱਧਦੇ ਗੁੱਸੇ ਨੂੰ ਵੇਖਦੇ ਹੋਏ ਗ੍ਰਿਫਤਾਰੀ ਤੋਂ ਪਹਿਲਾਂ ਲਾਈਵ ਹੋ ਕਿ ਸਿੱਖਾਂ ਤੋਂ ਮੁਆਫੀ ਵੀ ਮੰਗੀ ਸੀ। ਇਸ ਤੋਂ ਇਲਾਵਾ ਇਮਰਾਨ ਚਿਸ਼ਤੀ ਦੇ ਭਰਾ ਕਹੇ ਜਾਣ ਵਾਲੇ ਅਹਿਸਾਨ ਨਾਮੀ ਵਿਅਕਤੀ ਤੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਦੀ ਲੜਕੀ ਜਗਜੀਤ ਕੌਰ ਨੂੰ ਅਗਵਾ ਕਰਨ ਅਤੇ ਉਸ ਦੇ ਕਥਿਤ ਧਰਮ ਪਰਿਵਰਤਨ ਦੇ ਆਰੋਪ ਵੀ ਲੱਗੇ ਸਨ।
ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੇ ਕੀ ਪਿਆ ਪ੍ਰਭਾਵ?
ਫਿਲਹਾਲ ਇਸ ਮਾਮਲੇ ਦਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੇ ਕੋਈ ਖਾਸ ਪ੍ਰਭਾਵ ਨਹੀ ਪਿਆ ਪਰ ਆਉਣ ਵਾਲੇ ਸਮੇਂ ਵਿੱਚ ਇਸ ਦੇ ਪ੍ਰਮਾਣ ਦੇਖਣ ਨੂੰ ਮਿਲ ਸਕਦੇ ਹਨ, ਜੇਕਰ ਦੇਖਿਆ ਜਾਵੇ ਤਾਂ ਪੰਜਾਬ ਵਿਚਲੀਆਂ ਸਿੱਖ ਸੰਗਤਾਂ ਵਿੱਚ ਸ਼੍ਰੀ ਗੁਰਦਆਰਾ ਸਾਹਿਬ ਉੱਪਰ ਹਮਲੇ ਵਾਲੇ ਦਿਨ ਡਰ ਦਾ ਮਾਹੌਲ ਜਰੂਰ ਦੇਖਿਆ ਜਾ ਸਕਦਾ ਸੀ, ਪਰ ਹਮਲੇ ਦੇ ਆਰੋਪੀ ਇਮਰਾਨ ਚਿਸ਼ਤੀ ਦੀ ਗ੍ਰਿਫ਼ਤਾਰੀ ਤੇ ਬਾਅਦ ਸਿੱਖ ਸੰਗਤਾਂ ਕੁਝ ਰਾਹਤ ਜ਼ਰੂਰ ਮਹਿਸੂਸ ਕਰ ਰਹੀਆਂ ਹਨ।


