ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਿਛਲੇ ਕਈ ਦਿਨਾਂ ਤੋਂ ਡਿੱਗ ਰਹੇ ਪਾਰੇ ਤੋਂ ਕੰਬ ਰਹੀ ਰਾਜਧਾਨੀ ਦਿੱਲੀ ਨੂੰ ਬੇਸ਼ਕ ਹੁਣ ਠੰਡ ਤੋਂ ਥੋੜ੍ਹੀ ਰਾਹਤ ਮਿਲੀ ਹੈ ਪਰ ਵੇਖਿਆ ਜਾਵੇ ਤਾਂ ਸੰਘਣੀ ਧੁੰਦ ਅਤੇ ਕੋਹਰੇ ਤੋਂ ਬਾਅਦ ਰਾਜਧਾਨੀ ਦਿੱਲੀ ਦੀ ਹਵਾ ਵਿੱਚ ਪ੍ਰਦੂਸ਼ਣ ਨੇ ਦਸਤਕ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਇਕ ਪਾਸੇ ਜਿੱਥੇ ਦਿੱਲੀ ਦੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲ ਰਹੀ ਹੈ। ਉੱਥੇ ਹੀ ਦੂਜੇ ਪਾਸੇ ਇਕ ਵਾਰ ਫਿਰ ਤੋਂ ਰਾਜਧਾਨੀ ਪ੍ਰਦੂਸ਼ਣ ਦਾ ਸ਼ਿਕਾਰ ਹੁੰਦੀ ਨਜ਼ਰ ਆ ਰਹੀ ਹੈ।
ਤੁਹਾਨੂੰ ਦੱਸ ਦਈਏ ਦਿੱਲੀ ਵਿੱਚ ਅੱਜ ਸਵੇਰੇ ਘੱਟੋ-ਘੱਟ ਪਾਰਾ 9 ਡਿਗਰੀ ਦਰਜ ਕੀਤਾ ਗਿਆ, ਉੱਥੇ ਹੀ ਪ੍ਰਦੂਸ਼ਣ ਦਾ ਏਅਰ ਕੁਐਲਟੀ ਇੰਡੈਕਸ ਵੀ ਖਤਰਨਾਕ ਪੱਧਰ ‘ਤੇ ਵੇਖਿਆ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਿਕ ਦਿੱਲੀ ਵਿੱਚ ਏਅਰ ਕੁਐਲਟੀ ਇੰਡੈਕਸ (AQI) 390 ਦਰਜ ਕੀਤਾ ਗਿਆ। ਪਿਛਲੇ ਕਈ ਦਿਨਾਂ ਤੋ ਉੱਤਰੀ ਭਾਰਤ ਕੜਾਕੇ ਦੀ ਠੰਡ ਨਾਲ ਜੂਝ ਰਿਹਾ ਸੀ।
ਗੱਲ ਜੇਕਰ ਦਿੱਲੀ ਦੀ ਕੀਤੀ ਜਾਵੇ ਤਾਂ ਪ੍ਰਦੂਸ਼ਣ ਦੀ ਸੱਮਸਿਆ ਨਾਲ ਨਜਿਠਣ ਲਈ ਦਿੱਲੀ ਸਰਕਾਰ ਸਮੇਂ- ਸਮੇਂ ਤੇ ਹਦਾਇਤਾਂ ਜਾਰੀ ਕਰਦੀ ਰਹਿੰਦੀ ਹੈ, ਜਿਸ ਵਿੱਚ ਕੇਜਰੀਵਾਲ ਸਰਕਾਰ ਦਾ ਚਲਾਇਆ ਆਡ-ਈਵਨ ਫਾਰਮੂਲਾ ਪ੍ਰਦੂਸ਼ਣ ਦੇ ਦਿਨਾਂ ਵਿੱਚ ਵਧੇਰੇ ਕਾਰਗਰ ਸਾਬਿਤ ਹੋਇਆ ਸੀ।


