ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ – 2 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਜਨਮ ਦਿਹਾੜਾ ਹੈ। ਇਸ ਸਬੰਧ ‘ਚ ਅੱਜ ਯਾਨੀ 1 ਜਨਵਰੀ ਨੂੰ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵੱਲੋਂ ਜਲੰਧਰ ਸ਼ਹਿਰ ‘ਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।
ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਸ਼ੁਰੂ ਹੋਇਆ ਇਹ ਵਿਸ਼ਾਲ ਨਗਰ ਕੀਰਤਨ ਐੱਸ. ਡੀ. ਕਾਲਜ, ਮੰਡੀ ਫੈਟਨਗੰਜ ਗੁਰਦੁਆਰਾ ਸੈਂਟਰਲ ਟਾਊਨ, ਮਿਲਾਪ ਚੌਂਕ, ਭਗਤ ਸਿੰਘ ਚੌਂਕ ਸਮੇਤ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸਮਾਪਤ ਹੋਵੇਗਾ।
ਜੈਕਾਰਿਆਂ ਦੀ ਗੂੰਜ ‘ਚ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਇਆ ਗਿਆ। ਨਗਰ ਕੀਰਤਨ ‘ਚ ਸੁੰਦਰ ਪਾਲਕੀ ‘ਚ ਸੁਸ਼ੋਭਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪੰਜ ਪਿਆਰਿਆਂ ਦਾ ਸਵਾਗਤ ਇਲਾਕੇ ਦੇ ਪਤਵੰਤਿਆਂ ਵੱਲੋਂ ਕੀਤਾ ਗਿਆ। ਨਗਰ ਕੀਰਤਨ ਦੌਰਾਨ ਕੀਰਤਨੀ ਜਥਿਆਂ, ਸੇਵਾ ਸੋਸਾਇਟੀਆਂ ਵੱਲੋਂ ਕੀਰਤਨ ਰਾਹੀਂ ਗੁਰੂਜਸ ਦਾ ਬਖਾਨ ਕੀਤਾ ਗਿਆ। ਇਸ ਦੌਰਾਨ ਗਤਕਾ ਪਾਰਟੀ ਵੱਲੋਂ ਵੀ ਇਸ ਮੌਕੇ ਕਲਾ ਦੇ ਜੌਹਰ ਦਿਖਾਏ ਗਏ।
ਵਿਸ਼ਾਲ ਨਗਰ ਨੂੰ ਧਿਆਨ ‘ਚ ਰੱਖਦੇ ਹੋਏ ਟ੍ਰੈਫਿਕ ਪੁਲਸ ਵੱਲੋਂ ਟ੍ਰੈਫਿਕ ਡਾਇਵਰਟ ਕੀਤੀ ਗਈ। ਇਹ ਟ੍ਰੈਫਿਕ ਡਾਇਵਰਟ ਦਾ ਸਮਾਂ ਸਵੇਰੇ ਨੌ ਵਜੇ ਤੋਂ ਲੈ ਕੇ ਰਾਤ ਦਸ ਵਜੇ ਤੱਕ ਜਾਰੀ ਰਹੇਗਾ। ਨਗਰ ਕੀਰਤਨ ਦੀ ਸਮਾਪਤੀ ਤੱਕ ਮਦਨ ਫਿਲੌਰ ਮਿਲ ਚੌਂਕ, ਮੰਡੀ ਫੈਟਨਗੰਜ ਸੈਂਟਰਲ ਟਾਊਨ ਰੋਡ, ਮਿਲਾਪ ਚੌਂਕ, ਫਗਵਾੜਾ ਗੇਟ, ਭਗਤ ਸਿੰਘ ਚੌਂਕ, ਪੰਜਪੀਰ ਚੌਂਕ, ਕਿੰਗਰਾ-ਗੇਟ-ਅੱਡਾ ਹੁਸ਼ਿਆਰਪੁਰ, ਮਾਈਂ ਹੀਰਾਂ ਗੇਟ, ਵਾਲਮੀਕਿ ਗੇਟ, ਪਟੇਲ ਚੌਂਕ, ਜੇਲ ਚੌਂਕ, ਬਸਤੀ ਅੱਡਾ, ਜੋਤੀ ਚੌਂਕ, ਰੈਣਕ ਬਾਜ਼ਾਰ, ਨਵਾਂ ਬਾਜ਼ਾਰ, ਮਿਲਾਪ ਚੌਂਕ, ਸੈਂਟਰਲ ਟਾਊਨ ਰੋਡ ‘ਤੇ ਮੁਕੰਮਲ ਤੌਰ ‘ਤੇ ਟ੍ਰੈਫਿਕ ਦੀ ਪਾਬੰਦੀ ਰਹੇਗੀ।

