ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਰਲਡ ਐਂਟੀ ਡੋਪਿੰਗ ਏਜੰਸੀ ਨੇ ਰੂਸ ਨੂੰ ਡੋਪਿੰਗ ਦੇ ਦੋਸ਼ ‘ਚ 4 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਹੁਣ ਰੂਸ ਦਾ ਝੰਡਾ, ਰਾਸ਼ਟਰੀ ਗੀਤ ਅਤੇ ਟੀਮ ਦਾ ਨਾਮ ਓਲੰਪਿਕ ਦਾ ਹਿੱਸਾ ਨਹੀਂ ਬਣੇਗਾ। ਰੂਸ 4 ਸਾਲਾਂ ਲਈ ਕਿਸੇ ਵੀ ਓਲੰਪਿਕ ਸਮਾਗਮ ਵਿੱਚ ਹਿੱਸਾ ਨਹੀਂ ਲੈ ਸਕਦਾ। ਡੌਪਿੰਗ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਾਡਾ ਨੇ ਰੂਸ ਖਿਲਾਫ਼ ਇਹ ਕਾਰਵਾਈ ਕੀਤੀ ਹੈ।
WADA ਦੇ ਬੋਰਡ ਨੇ ਸੋਮਵਾਰ ਨੂੰ ਇੱਕ ਵਿਸ਼ੇਸ਼ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ। ਦੱਸ ਦਈਏ ਰੂਸ ਤੋਂ ਡੋਪਿੰਗ ਦੇ ਗਲਤ ਅੰਕੜੇ ਪ੍ਰਾਪਤ ਕਰਨ ਤੋਂ ਬਾਅਦ ਵਾਡਾ ਨੇ ਪਹਿਲਾਂ ਹੀ ਚਾਰ ਸਾਲਾਂ ਦੀ ਪਾਬੰਦੀ ਦੀ ਸਿਫਾਰਸ਼ ਕੀਤੀ ਸੀ। ਰੂਸੀ ਖਿਡਾਰੀਆਂ ਦੀ ਗ਼ਲਤ ਡੋਪਿੰਗ ਰਿਪੋਰਟ ਨੂੰ ਵਾਡਾ ਨੂੰ ਭੇਜਿਆ ਗਿਆ ਸੀ ਅਤੇ ਰੂਸ ਦੀ ਸਰਕਾਰੀ ਖੇਡ ਕਮੇਟੀਆਂ ਦੁਆਰਾ ਇਸ ਤੇ ਸਹਿਮਤੀ ਵੀ ਜਤਾਈ ਗਈ ਸੀ। ਉਸ ਸਮੇਂ ਤੋਂ ਲੈ ਕੇ, ਇਹ ਵਿਵਾਦ ਖੇਡਾਂ ਦੀ ਦੁਨੀਆ ਵਿੱਚ ਸਰਗਰਮ ਰਿਹਾ। ਇਸ ਰਿਪੋਰਟ ਤੋਂ ਬਾਅਦ, 2014 ਵਿੱਚ ਰੂਸ ਦੇ ਓਲੰਪਿਕ ਪ੍ਰਦਰਸ਼ਨ ਉੱਤੇ ਵੀ ਸਵਾਲ ਚੁੱਕੇ ਗਏ ਸੀ।
ਰੂਸ ਉੱਤੇ ਇਸ ਪਾਬੰਦੀ ਦਾ ਸਭ ਤੋਂ ਵੱਧ ਪ੍ਰਭਾਵ ਇਹ ਹੋਏਗਾ ਕਿ, ਇਹ ਟੋਕਿਓ ਵਿੱਚ ਹੋਣ ਵਾਲੇ ਓਲੰਪਿਕ 2020 ਅਤੇ ਕਤਰ ਵਿੱਚ ਹੋਏ ਫੁੱਟਬਾਲ ਵਿਸ਼ਵ ਕੱਪ 2022 ਤੋਂ ਵੀ ਬਾਹਰ ਹੈ। ਵਾਡਾ ਦੇ ਇਸ ਸਖ਼ਤ ਫੈਸਲੇ ਤੋਂ ਬਾਅਦ, ਰੂਸ ਅਗਲੇ 4 ਸਾਲਾਂ ਤੱਕ ਖੇਡਾਂ ਦੇ ਕਿਸੇ ਵੀ ਪ੍ਰਮੁੱਖ ਸਮਾਗਮਾਂ ਵਿੱਚ ਹਿੱਸਾ ਨਹੀਂ ਲੈ ਸਕੇਗਾ।
ਜਾਂਚਕਰਤਾ ਪਿਛਲੇ ਪੰਜ ਸਾਲਾਂ ਤੋਂ ਰੂਸ ਉੱਤੇ ਇੱਕ ਗੁੰਝਲਦਾਰ ਡੋਪਿੰਗ ਪ੍ਰੋਗਰਾਮ ਚਲਾਉਣ ਦਾ ਦੋਸ਼ ਲਗਾ ਰਹੇ ਹਨ,ਜਿਸ ਕਾਰਨ ਉਨ੍ਹਾਂ ਦੇ ਐਥਲੀਟਾਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ। ਸਤੰਬਰ 2018 ਵਿੱਚ, ਕਈ ਜਾਂਚਾਂ ਤੋਂ ਬਾਅਦ, ਵਾਡਾ ਨੇ ਐਥਲੀਟਾਂ ‘ਤੇ ਲੱਗੀ ਪਾਬੰਦੀ ਹਟਾ ਦਿੱਤੀ, ਪਰ ਉਨ੍ਹਾਂ ਨੇ ਐਥਲੀਟਾਂ ਦੇ ਡੇਟਾ ਜਮ੍ਹਾਂ ਕਰਨ ਦੀ ਸ਼ਰਤ ਰੱਖੀ ਸੀ। ਹੁਣ ਰੂਸ ‘ਤੇ ਦੋਸ਼ ਹੈ ਕਿ ਉਹ ਇਨ੍ਹਾਂ ਡੇਟਾ ‘ਚ ਹੇਰਾਫੇਰੀ ਕਰ ਰਹੇ ਸਨ।
2014 ‘ਚ ਰੂਸ ਦੀ 800 ਮੀਟਰ ਰਨਰ ਐਂਟੀ-ਡੋਪਿੰਗ ਏਜੰਸੀ ( RUSADA) ਵਿਖੇ ਕੰਮ ਕਰਨ ਵਾਲੀ ਦੌੜਾਕ ਯੁਲੀਆ ਸਟੇਪਨੋਵਾ ਅਤੇ ਉਨ੍ਹਾਂ ਦੇ ਪਤੀ ਨੇ ਇੱਕ ਦਸਤਾਵੇਜ਼ ਵਿੱਚ ਰੂਸ ‘ਚ ਡੋਪਿੰਗ ਦੀ ਚੱਲ ਰਹੀ ਖੇਡ ਦਾ ਪਰਦਾਫਾਸ਼ ਕੀਤਾ ਸੀ। ਇਸਦੇ ਦੋ ਸਾਲ ਬਾਅਦ, ਗ੍ਰੈਗਰੀ ਰੁਦਸ਼ਨਕੋਵ, ਜੋ ਰੁਸਾਡਾ ਮੁਖੀ ਸਨ, ਨੇ ਐਂਟੀ ਡੋਪਿੰਗ ਅਤੇ ਇੰਟੈਲੀਜੈਂਸ ਸਰਵਿਸ ਦੇ ਮੈਂਬਰਾਂ ਉੱਤੇ 2014 ਦੇ ਸੋਚੀ ਵਿੰਟਰ ਓਲੰਪਿਕ ਵਿੱਚ ਐਥਲੀਟਾਂ ਦੇ ਯੂਰਿਨ ਦੇ ਨਮੂਨਿਆਂ ਨੂੰ ਬਦਲਣ ਦਾ ਦੋਸ਼ ਲਗਾਇਆ ਸੀ। ਉਦੋਂ ਤੋਂ ਡੋਪਿੰਗ ਖਿਲਾਫ਼ ਨਿਰੰਤਰ ਜਾਂਚ ਕੀਤੀ ਜਾ ਰਹੀ ਸੀ।

