ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ੱਕੀ ਵਿਅਕਤੀ ਨੂੰ ਗਸ਼ਤ ਕਰ ਰਹੇ ਬੀਐਸਐਫ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਰਹੱਦੀ ਚੌਕੀ ਪਹਲੀਪੁਰ ਨੇੜੇ ਰਾਵੀ ਦਰਿਆ ਦੇ ਆਸ ਪਾਸ ਘੁੰਮਦੇ ਫੜਿਆ। ਇਹ ਵਿਅਕਤੀ ਰਾਵੀ ਦਰਿਆ ਦੇ ਕੰਡੇ ਰਾਹੀਂ ਭਾਰਤ ਤੋਂ ਪਾਕਿ ਸਰਹੱਦ ਵੱਲ ਜਾ ਰਿਹਾ ਸੀ। ਬੀਐਸਐਫ ਨੇ ਐਤਵਾਰ ਰਾਤੀ 10 ਵਜੇ ਸ਼ੱਕੀ ਵਿਅਕਤੀ ਨੂੰ ਸਰਹੱਦ ਦੇ ਨੇੜੇ ਘੁੰਮਦੇ ਹੋਏ ਵੇਖਦਿਆਂ ਅਲਰਟ ਕੀਤਾ ਅਤੇ ਉਸ ਨੂੰ ਫੜ ਲਿਆ ਗਿਆ।
ਸਾਰੀ ਰਾਤ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਿਆ ਕਿ, ਉਹ ਵਿਅਕਤੀ ਜੰਮੂ ਕਸ਼ਮੀਰ ਦੇ ਇੱਕ ਪਿੰਡ ਜਮਾਲ ਚੱਕ ਦਾ ਰਹਿਣ ਵਾਲਾ ਸੀ। ਉਹ ਦਿਮਾਗੀ ਤੌਰ ‘ਤੇ ਠੀਕ ਨਹੀਂ ਹੈ। ਜਾਂਚ ਤੋਂ ਬਾਅਦ ਉਕਤ ਵਿਅਕਤੀ ਨੂੰ ਥਾਣਾ ਨਰੋਟ ਜੈਮਲ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਡੀਐਸਪੀ ਸੁਲੱਖਣ ਸਿੰਘ ਦਾ ਕਹਿਣਾ ਹੈ ਕਿ, ਪੁੱਛਗਿੱਛ ਤੋਂ ਬਾਅਦ ਉਸਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ।

