ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜ਼ਿਲ੍ਹੇ ਦੀ ਦਿਹਾਤੀ ਪੁਲਿਸ ਨੇ ਸੋਮਵਾਰ ਨੂੰ ਇਕ ਨਸ਼ਾ ਤਸਕਰ ਕੋਲੋਂ 700 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ ਪਰ ਪੁਲਿਸ ਨਸ਼ਾ ਤਸਕਰ ਨੂੰ ਫੜਨ ਵਿੱਚ ਅਸਫਲ ਰਹੀ ਹੈ। ਦੱਸ ਦਈਏ ਤਸਕਰੀ ਕਰਨ ਤੋਂ ਬਾਅਦ ਦੋਸ਼ੀ ਆਪਣੀ ਬਾਈਕ ਛੱਡ ਕੇ ਖੇਤਾਂ ਦੇ ਰਸਤੇ ਫਰਾਰ ਹੋ ਗਿਆ, ਜਦੋਂ ਪੁਲਿਸ ਨੇ ਬਾਈਕ ਦੇ ਹੈਂਡਲ ਵਿੱਚ ਲਟਕਿਆ ਕਾਲਾ ਬੈਗ ਚੈੱਕ ਕੀਤਾ ਤਾਂ ਉਸ ਵਿੱਚੋਂ ਹੈਰੋਇਨ ਦੀ ਇੱਕ ਖੇਪ ਬਰਾਮਦ ਹੋਈ । ਇਸ ਬੈਗ ਨੂੰ ਪੁਲਿਸ ਨੇ ਜਬਤ ਕਰ ਲਿਆ ਹੈ। ਇਸ ਬੈਗ ਵਿਚੋਂ ਮੁਲਜ਼ਮ ਦਾ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਵੀ ਬਰਾਮਦ ਹੋਇਆ ਹੈ। ਫਰਾਰ ਨਸ਼ਾ ਤਸਕਰ ਦੀ ਪਛਾਣ ਬਚਿੱਤਰ ਸਿੰਘ, ਪਿੰਡ ਨਿਵਾਸੀ ਲਾਇਆਵਾਲਾ, ਸੁਲਤਾਨਪੁਰ ਲੋਧੀ ਵਜੋਂ ਹੋਈ ਹੈ।
ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 22 ਨਵੰਬਰ ਨੂੰ ਸੀਆਈਏ ਸਟਾਫ ਨੇ ਕਰਤਾਰਪੁਰ ਨੇੜੇ ਨਸ਼ਾ ਤਸਕਰੀ ਦੇ ਇੱਕ ਕੇਸ ਵਿੱਚ ਫਰਾਰ ਚੱਲ ਰਹੇ ਨਸ਼ਾ ਤਸਕਰ ਗੁਰਦਿੱਤ ਸਿੰਘ ਗੀਟਾ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਨਸ਼ੀਲੇ ਪਦਾਰਥ ਸਣੇ 54 ਕਿਲੋ ਭੁੱਕੀ ਬਰਾਮਦ ਕੀਤੀ ਗਈ ਸੀ। ਨਸ਼ਾ ਤਸਕਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਸਮੱਗਲਰ ਬਚਿੱਤਰ ਸਿੰਘ ਨੂੰ 700 ਕਿੱਲੋ ਹੈਰੋਇਨ ਦੀ ਸਪਲਾਈ ਕੀਤੀ ਸੀ।
ਇਸ ਜਾਣਕਾਰੀ ‘ਤੇ, ਜਦੋਂ ਪੁਲਿਸ ਨੇ ਬਚਿੱਤਰ ‘ਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਤਾਂ ਸੀਆਈਏ ਸਟਾਫ ਨੇ ਲੋਹੀਆਂ ਦੇ ਚਾਚੋਵਾਲ ਗੇਟ ਨੇੜੇ ਇਕ ਬਾਈਕ ਨੂੰ ਆਉਂਦਿਆਂ ਵੇਖਿਆ, ਜਿਸਨੂੰ ਬਚਿੱਤਰ ਸਿੰਘ ਚਲਾ ਰਿਹਾ ਸੀ। ਪੁਲਿਸ ਨੇ ਜਦੋਂ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹ ਬਾਈਕ ਛੱਡ ਕੇ ਖੇਤਾਂ ਵੱਲ ਭੱਜ ਗਿਆ। ਪੁਲਿਸ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜਣ ‘ਚ ਕਾਮਯਾਬ ਹੋ ਗਿਆ।
ਐਸਐਸਪੀ ਨੇ ਦੱਸਿਆ ਕਿ, ਬੈਗ ਵਿਚੋਂ ਇਕ ਕਿਲੋ, 700 ਗ੍ਰਾਮ ਹੈਰੋਇਨ, ਡਰਾਈਵਿੰਗ ਲਾਇਸੈਂਸ ਅਤੇ ਦੋਸ਼ੀ ਦਾ ਪਾਸਪੋਰਟ ਬਰਾਮਦ ਹੋਇਆ ਹੈ। ਬਚਿੱਤਰ ਖਿਲਾਫ ਥਾਣਾ ਲੋਹੀਆਂ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਦੀ ਪੜਤਾਲ ਕੀਤੀ ਜਾ ਰਹੀ ਹੈ।


