ਰਾਏਕੋਟ : ਲੁਧਿਆਣਾ ਦੇ ਰਾਏਕੋਟ ਇਲਾਕੇ ਦੀ ਧੀ ਸਮਨਦੀਪ ਕੌਰ ਧਾਲੀਵਾਲ ਨੇ ਕੈਨੇਡਾ ਦੇ ਪੁਲਿਸ ਵਿਭਾਗ ’ਚ ਅਫ਼ਸਰ ਬਣਨ ’ਤੇ ਦੇਸ਼, ਮਾਪੇ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ। ਸਮਨਦੀਪ ਕੌਰ ਧਾਲੀਵਾਲ ਦੇ ਪਿਤਾ ਜਗਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸਾਲ 2016 ਵਿਚ ਕੈਨੇਡਾ ਪੜ੍ਹਾਈ ਲਈ ਗਈ ਸੀ। ਜਿੱਥੇ ਉਸਨੇ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਕੈਨੇਡਾ ਦੇ ਸ਼ਹਿਰ ਸਰੀ ਵਿਚ ਪੁਲਿਸ ਵਿਭਾਗ ਦੇ ਕ੍ਰਾਈਮ ਬ੍ਰਾਂਚ ਵਿਚ ਫੈੱਡਰਲ ਪੀਸ ਅਫ਼ਸਰ ਵਜੋਂ ਨੌਕਰੀ ਹਾਸਲ ਕਰ ਕੇ ਕੈਨੇਡਾ ਵਿਚ ਵਸਦੇ ਪੰਜਾਬੀ ਭਾਈਚਾਰੇ ਦਾ ਮਾਣ ਨਾਲ ਸਿਰ ਉੱਚਾ ਕੀਤਾ ਹੈ।
ਪੰਜਾਬ ਦਾ ਨਾਂਅ ਵਿਦੇਸ਼ਾਂ ਵਿੱਚ ਕੀਤਾ ਰੌਸ਼ਨ
ਸਮਨਦੀਪ ਕੌਰ ਧਾਲੀਵਾਲ ਜਲਦ ਹੀ ਆਉਣ ਵਾਲੇ ਦਿਨਾਂ ’ਚ ਕੈਨੇਡਾ ਦੇ ਸ਼ਹਿਰ ਕੈਲਗਰੀ ਤੋਂ ਪੁਲਿਸ ਅਫ਼ਸਰ ਵਜੋਂ ਚਾਰਜ ਸੰਭਾਲਣ ਜਾ ਰਹੀ ਹੈ। ਉਸਦੀ ਇਸ ਮਾਣਮੱਤੀ ਕਾਮਯਾਬੀ ’ਤੇ ਰਾਏਕੋਟ ’ਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।



