ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿੱਚ ਨਸ਼ੇ ਦੇ ਕਾਰਨ ਨੌਜਵਾਨ ਜਿੱਥੇ ਆਪਣੀ ਜਿਦੰਗੀ ਨੂੰ ਤਬਾਹ ਕਰ ਰਹੇ ਹਨ ਉੱਥੇ ਹੀ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਦੁੱਖ ਚ ਡੋਬ ਕੇ ਜਾ ਰਹੇ ਹਨ। ਪੰਜਾਬ ਵਿੱਚ ਨਸ਼ਾ ਇਸ ਕਦਰ ਫੈਲ ਰਿਹਾ ਹੈ ਕਿ ਨੌਜਵਾਨ ਇਸ ਦਲਦਲ ਚ ਫਸਦੇ ਜਾ ਰਹੇ ਹਨ।
ਇਸੇ ਤਰ੍ਹਾਂ ਦਾ ਇਕ ਹੋਰ ਤਾਜਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਮਸ਼ਹੁਰ ਗੀਤਕਾਰ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਹੁਸ਼ਿਆਰਪੁਰ ਦੇ ਮਾਹਿਲਪੁਰ ਦੇ ਪੰਡ ਦਾਦੂਵਾਲ ਚ ਨਸ਼ੇ ਦਾ ਸੇਵਨ ਕਰਨ ਕਾਰਨ ਮਸ਼ਹੁਰ ਗੀਤਕਾਰ ਮਨਜਿੰਦਰ ਚੌਧਰੀ ਉਰਫ ਮਨਜਿੰਦਰ ਬੈਂਸ ਦੀ ਘਰ ਚ ਮੌਤ ਹੋ ਗਈ।
ਮਿਲੀ ਜਾਣਕਾਰੀ ਦੇ ਅਨੁਸਾਰ ਮਨਜਿੰਦਰ ਬੈਂਸ ਮੰਜੇ ਤੇ ਬੇਸੁੱਧ ਪਾਇਆ ਗਿਆ ਸੀ ਤੇ ਉਸ ਕੋਲ ਇਕ ਸਿਰਿੰਜ ਵੀ ਦੇਖੀ ਗਈ ਸੀ। ਇਸ ਤੋਂ ਇਲਾਵਾ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਬਾਰੇ ਪਹਿਲਾ ਹੀ ਪਤਾ ਸੀ ਕਿ ਉਹ ਨਸ਼ੇ ਦਾ ਆਦੀ ਸੀ। ਉਸਦੇ ਪਿਤਾ ਦਾ ਕਹਿਣਾ ਹੈ ਕਿ ਉਸਦੀ ਮਾਂ ਦੀ ਮੌਤ ਹੋ ਜਾਣ ਤੋਂ ਬਾਅਦ ਮਨਜਿੰਦਰ ਵੱਖ ਹੋ ਕੇ ਰਹਿਣ ਲੱਗ ਪਿਆ ਸੀ।
ਨਾਲ ਹੀ ਉਹਨਾਂ ਨੇ ਮਨਜਿੰਦਰ ਨੂੰ ਨਸ਼ੇ ਦੇ ਦਲਦਲ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਮੁੜ ਤੋਂ ਨਸ਼ੇ ਦਾ ਸੇਵਨ ਕਰਨ ਲੱਗ ਜਾਂਦਾ ਸੀ। ਇਸ ਤੋਂ ਇਲਾਵਾ ਪਿੰਡਾ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਚ ਨਸ਼ਾ ਤਸਕਰੀ ਵੱਧਦੀ ਜਾ ਰਹੀ ਹੈ ਜਿਸ ਕਾਰਨ ਨੌਜਵਾਨ ਨਸ਼ੇ ਦੀ ਦਲਦਲ ਚ ਫਸ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ।


