Amritsar News: ਅੰਮ੍ਰਿਤਸਰ ‘ਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਦੀ ਟੀਮ ਨੇ ਬੀਤੇ ਦਿਨੀਂ ਫੜੇ ਗਏ ਨਸ਼ਾ ਤਸਕਰ ਕੋਲੋਂ 28 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸਐਸਓਸੀ ਦੀ ਟੀਮ ਨੇ 3 ਅਗਸਤ ਨੂੰ ਨਸ਼ਾ ਤਸਕਰ ਕੋਲੋਂ 6 ਕਿਲੋ ਹੈਰੋਇਨ ਅਤੇ ਡੇਢ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ।
ਫੜੇ ਗਏ ਮੁਲਜ਼ਮ ਦੀ ਪਛਾਣ ਸ਼ਿੰਦਰ ਸਿੰਘ ਵਾਸੀ ਪਿੰਡ ਬੂਟੇ ਦੀਆ ਛਾਨਾ, ਮਹਿਤਪੁਰ, ਜਲੰਧਰ ਵਜੋਂ ਹੋਈ ਹੈ। ਮੁਲਜ਼ਮ ਨਸ਼ਾ ਤਸਕਰ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਦੋ ਅਪਰਾਧਿਕ ਕੇਸ ਦਰਜ ਹਨ।
ਡੀਜੀਪੀ ਅਨੁਸਾਰ ਸਮੱਗਲਰ ਨੂੰ ਰਿਮਾਂਡ ‘ਤੇ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਮੁਲਜ਼ਮ ਕੋਲੋਂ 4 ਕਿਲੋ ਹੋਰ ਹੈਰੋਇਨ ਬਰਾਮਦ ਹੋਈ ਹੈ। ਇਸ ਮਾਮਲੇ ਦੀ ਕੁੱਲ ਬਰਾਮਦਗੀ ਹੁਣ ਤੱਕ 10 ਕਿਲੋ ਤੱਕ ਪਹੁੰਚ ਗਈ ਹੈ ਅਤੇ 1.50 ਲੱਖ ਰੁਪਏ ਦੀ ਡਰੱਗ ਮਨੀ ਪਹਿਲਾਂ ਹੀ ਬਰਾਮਦ ਕੀਤੀ ਜਾ ਚੁੱਕੀ ਹੈ।
ਡੀਜੀਪੀ ਗੌਰਵ ਯਾਦਵ ਦੇ ਅਨੁਸਾਰ, ਐਸਐਸਓਸੀ ਅੰਮ੍ਰਿਤਸਰ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਮੁਲਜ਼ਮ ਸ਼ਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਹਾਲ ਹੀ ਵਿੱਚ ਸਤਲੁਜ ਦਰਿਆ ਦੇ ਰਸਤੇ ਦੀ ਵਰਤੋਂ ਕਰਕੇ ਪਾਕਿ ਸਥਿਤ ਸਮੱਗਲਰਾਂ ਅਤੇ ਏਜੰਸੀਆਂ ਦੁਆਰਾ ਭਾਰਤੀ ਖੇਤਰ ਵਿੱਚ ਭੇਜੀ ਗਈ ਹੈਰੋਇਨ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਸੀ। ਉਹ ਇਕ ਪਾਰਟੀ ਨੂੰ ਖੇਪ ਪਹੁੰਚਾਉਣ ਲਈ ਅੰਮ੍ਰਿਤਸਰ ਦੇ ਆਲੇ-ਦੁਆਲੇ ਮੌਜੂਦ ਹੈ। ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਹਿੰਮ ਚਲਾਉਂਦੇ ਹੋਏ ਯੋਜਨਾਬੱਧ ਤਰੀਕੇ ਨਾਲ ਇਲਾਕੇ ਦੀ ਘੇਰਾਬੰਦੀ ਕਰਕੇ ਕਥਿਤ ਦੋਸ਼ੀ ਸ਼ਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ |
ਏਆਈਜੀ ਐਸਐਸਓਸੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਸੀ ਕਿ ਪਾਕਿਸਤਾਨ ਸਥਿਤ ਸਮੱਗਲਰਾਂ ਨੇ ਫਿਰੋਜ਼ਪੁਰ ਸੈਕਟਰ ਵਿੱਚ ਸਰਹੱਦ ’ਤੇ ਹੜ੍ਹ ਕਾਰਨ ਪੈਦਾ ਹੋਈ ਸਥਿਤੀ ਦਾ ਫਾਇਦਾ ਉਠਾਉਂਦਿਆਂ ਸਤਲੁਜ ਦਰਿਆ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਦੀ ਤਸਕਰੀ ਕੀਤੀ ਸੀ। ਪੁਲਿਸ ਥਾਣਾ ਐਸ.ਐਸ.ਓ.ਸੀ ਅੰਮ੍ਰਿਤਸਰ ਐਨ.ਡੀ.ਪੀ.ਐਸ ਐਕਟ ਦੀ ਧਾਰਾ 21, 25 ਅਤੇ 29 ਤਹਿਤ ਐਫ.ਆਈ.ਆਰ ਨੰਬਰ 23/2023 ਦਰਜ ਕਰਕੇ ਜਾਂਚ ਵਿੱਚ ਜੁਟੀ ਹੋਈ ਹੈ।



