ਮਾਨਸਾ: ਪਰਮਿੰਦਰ ਝੋਟੇ ਦਾ ਨਾਮ ਅੱਜ ਕੱਲ ਮੀਡੀਆ ਸੁਰਖੀਆ ਉੱਤੇ ਹੈ। ਪੁਲਿਸ ਵਲੋਂ ਕੁੱਝ ਦਿਨ ਪਹਿਲਾਂ ਮਾਨਸਾ ਵਿਚ ਗ੍ਰਿਫ਼ਤਾਰ ਕੀਤੇ ਗਏ ਪਰਮਿੰਦਰ ਝੋਟਾ ਦੀਆਂ ਨਵੀਆਂ ਵੀਡੀਉਜ਼ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਉਸ ਨੇ ਇਕ ਮੈਡੀਕਲ ਸਟੋਰ ਦੇ ਮਾਲਕ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਗਲੇ ‘ਚ ਜੁੱਤੀਆਂ ਪਾ ਕੇ ਬੇਇੱਜ਼ਤ ਕੀਤਾ।
ADGP ਪਰਮਾਰ ਦੇ ਵੱਡੇ ਖੁਲਾਸੇ
ਪੁਲਿਸ ਦੇ ADGP ਪਰਮਾਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਪਰਮਿੰਦਰ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ 7 ਅਪਰਾਧਿਕ ਮਾਮਲੇ ਦਰਜ ਹਨ। ADGP ਪਰਮਾਰ ਨੇ ਸਪੱਸ਼ਟ ਕੀਤਾ ਕਿ ਪਰਮਿੰਦਰ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਖ਼ੁਦ ਲੋਕਾਂ ਨੂੰ ਸਜ਼ਾ ਦੇ ਸਕੇ। ਨਸ਼ਿਆਂ ਵਿਰੁੱਧ ਕਾਰਵਾਈ ਕਰਨ ਲਈ ਸੂਬੇ ’ਚ ਐੱਸ. ਟੀ. ਐੱਫ਼. (STF) ਅਤੇ ਪੰਜਾਬ ਪੁਲਿਸ ਦੀਆਂ ਸੇਵਾਵਾਂ ਜਾਰੀ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਦੁਕਾਨਦਾਰ ਨੂੰ ਬੇਇੱਜਤ ਕੀਤਾ ਗਿਆ, ਉਸਦੇ ਵੀ ਮਨੁੱਖੀ ਅਧਿਕਾਰ ਹਨ। ਪਰਮਿੰਦਰ ਸਿੰਘ ਝੋਟਾ ਕਿਸੇ ਵੀ ਹਾਲਤ ’ਚ ਕਾਨੂੰਨ ਤੋਂ ਉੱਪਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਲੋਕ ਸਿਰਫ਼ ਇੱਕ ਪੱਖ ਸੁਣ ਤੇ ਦੇਖ ਰਹੇ ਹਨ, ਇਹ ਹੀ ਕਾਰਣ ਹੈ ਕਿ ਝੋਟੇ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦਾ ਲੋਕ ਵਿਰੋਧ ਕਰ ਰਹੇ ਹਨ।ਉਨ੍ਹਾਂ ਦਸਿਆ ਕਿ 2009 ਤੋਂ ਹੁਣ ਤਕ ਪਰਮਿੰਦਰ ਝੋਟਾ ਵਿਰੁਧ 7 ਮਾਮਲੇ ਦਰਜ ਹਨ। ਪੰਜਾਬ ਪੁਲਿਸ ਨਸ਼ਿਆਂ ਨੂੰ ਲੈ ਕੇ ਬੇਹਦ ਗੰਭੀਰ ਹੈ, ਸਰਕਾਰ ਨੇ ਕਈ ਪੁਲਿਸ ਅਧਿਕਾਰੀਆਂ ਵਿਰੁਧ ਵੀ ਕਾਰਵਾਈ ਕੀਤੀ ਹੈ।



