ਅੰਮ੍ਰਿਤਸਰ : ਸੁਧੀਰ ਸੂਰੀ ਦੇ ਕਤਲ ਕੇਸ ‘ਚ ਬੰਦ ਕੀਤੇ ਗਏ ਭਾਈ ਸੰਦੀਪ ਸਿੰਘ ਸੰਨੀ ਵੱਲੋਂ ਆਪਣੀ ਜਾਨ ਦੇ ਖਤਰੇ ਨੂੰ ਲੈਕੇ ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ ਪ੍ਰਸ਼ਾਸਨ ਖਿਲਾਫ਼ ਆਪਣੀਆਂ ਮੰਗਾਂ ਨੂੰ ਲੈਕੇ ਸ਼ੁੱਕਰਵਾਰ ਨੂੰ ਜੇਲ੍ਹ ਅੰਦਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਭਾਈ ਸੰਨੀ ਨੂੰ ਹਾਈ ਸਕਿਉਰਟੀ ਜ਼ੋਨ ‘ਚ ਖਤਰਨਾਕ ਅਪਰਾਧੀਆਂ ਤੇ ਗੈਂਗਸਟਰਾਂ ਨਾਲ ਰੱਖਿਆ ਗਿਆ ਹੈ ਜਿਥੇ ਭਾਈ ਸੰਨੀ ਵੱਲੋਂ ਆਪਣੀ ਜਾਨ ਨੂੰ ਖਤਰਾ ਮਹਿਸੂਸ ਕੀਤਾ ਜਾ ਰਿਹਾ ਹੈ।
ਭਾਈ ਸੰਨੀ ਨੇ ਜੇਲ੍ਹ ਪ੍ਰਸ਼ਾਸਨ ਕੋਲ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਕਿ ਉਸਦੇ ਖਾਣੇ ਵਿਚ ਵੀ ਕਿਸੇ ਵੱਲੋਂ ਜ਼ਹਿਰ ਮਿਲਾਇਆ ਜਾ ਸਕਦਾ ਹੈ, ਇਸ ਕਰਕੇ ਉਸਦਾ ਖਾਣੇ ਦਾ ਵੀ ਵੱਖਰਾ ਪ੍ਰਬੰਧ ਕੀਤਾ ਜਾਵੇ। ਭਾਈ ਸੰਨੀ ਦੇ ਵੱਡੇ ਭਰਾ ਹਰਦੀਪ ਸਿੰਘ ਵੱਲੋਂ ਜੇਲ੍ਹ ਸੁਪਰਡੈਂਟ ਅੰਮ੍ਰਿਤਸਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਜੀ ਜੇਲ੍ਹਾਂ ਪੰਜਾਬ ਨੂੰ ਵੀ ਇਸ ਸੰਬੰਧੀ ਪੱਤਰ ਲਿਖੇ ਗਏ, ਪਰ ਪ੍ਰਸ਼ਾਸਨ ਵੱਲੋਂ ਅੱਜ ਤਕ ਕਿਸੇ ਤਰ੍ਹਾਂ ਦਾ ਹੱਲ ਨਹੀਂ ਕੀਤਾ ਗਿਆ।



