ਮੁੰਬਈ : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਗਰਮੀ ਤੇ ਲੂ ਦੇ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨੂੰ ਡੀਹਾਈਡ੍ਰੇਸ਼ਨ ਕਾਰਨ ਅਹਿਮਦਾਬਾਦ ਦੇ ਹਸਪਤਾਲ ‘ਚ ਬੀਤੀ ਦੁਪਹਿਰ 1 ਵਜੇ ਦੇ ਕਰੀਬ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਜਾਣਨ ਲਈ ਕਈ ਫ਼ਿਲਮੀ ਕਲਾਕਾਰ ਹਸਪਤਾਲ ‘ਚ ਪਹੁੰਚ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ।
ਹਾਲਾਂਕਿ ਸ਼ਾਹਰੁਖ ਨੂੰ ਹਾਲੇ ਤੱਕ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ ਹੈ। ਕਈ ਮੀਡੀਆ ਹਾਊਸਾਂ ਨੇ ਖ਼ਬਰ ਦਿੱਤੀ ਹੈ ਕਿ ਕਿੰਗ ਖ਼ਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਅਹਿਮਦਾਬਾਦ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਿੰਗ ਖ਼ਾਨ ਨੂੰ ਹਾਲੇ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ ਹੈ। ਸੂਤਰਾਂ ਮੁਤਾਬਕ ਸ਼ਾਹਰੁਖ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਸ਼ਾਹਰੁਖ ਖਾਨ ਦਾ ਹਾਲ ਜਾਣਨ ਲਈ ਪਤਨੀ ਗੌਰੀ ਖ਼ਾਨ ਹਸਪਤਾਲ ਪਹੁੰਚੀ। ਉਥੇ ਹੀ ਅਦਾਕਾਰਾ ਜੂਹੀ ਚਾਵਲਾ ਆਪਣੇ ਪਤੀ ਜੈ ਮਹਿਤਾ ਨਾਲ ਸ਼ਾਹਰੁਖ ਨੂੰ ਮਿਲਣ ਹਸਪਤਾਲ ਪਹੁੰਚੀ ਸੀ।
KKR-SRH ਦੇ ਮੈਚ ਦੌਰਾਨ ਪੁੱਜੇ ਸੀ ਸਟੇਡੀਅਮ
ਦੱਸ ਦਈਏ ਕਿ ਮੰਗਲਵਾਰ ਨੂੰ KKR-SRH ਵਿਚਕਾਰ ਕੁਆਲੀਫਾਇਰ ਮੈਚ ਖੇਡਿਆ ਗਿਆ। ਅਜਿਹੇ ‘ਚ ਸ਼ਾਹਰੁਖ ਆਪਣੀ ਟੀਮ ਕੇਕੇਆਰ ਨੂੰ ਸਪੋਰਟ ਕਰਨ ਲਈ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ ਸਨ। ਉਹ ਬੇਟੇ ਅਬਰਾਮ ਅਤੇ ਬੇਟੀ ਸੁਹਾਨਾ ਖ਼ਾਨ ਨਾਲ ਟੀਮ ਨੂੰ ਚੀਅਰ-ਅੱਪ ਕਰਦੇ ਹੋਏ ਨਜ਼ਰ ਆਏ। ਇਸ ਤੋਂ ਬਾਅਦ ਖ਼ਬਰਾਂ ਆਈਆਂ ਕਿ ਅਭਿਨੇਤਾ ਡੀਹਾਈਡ੍ਰੇਸ਼ਨ ਤੋਂ ਪੀੜਤ ਹਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ।
