ਗਲੋਬਲ ਸਟਾਰ ਦਿਲਜੀਤ ਦੋਸਾਂਝ ਤੇ ਰੈਪਰ ਨਸੀਬ ਦਾ ਵਿਵਾਦ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ ਹੈ। ਦਿਲਜੀਤ ਨੂੰ ਇਲੂਮਿਨਾਟੀ ਸ਼ੋਅ ਨੂੰ ਲੈ ਕੇ ਵਿਵਾਦ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਰੈਪਰ ਨਸੀਬ ਵੱਲੋਂ ਦਿਲਜੀਤ ਦੇ ਇਲੂਮਿਨਾਟੀ ਸ਼ੋਅ ‘ਤੇ ਲਗਾਤਾਰ ਕੁਮੈਂਟ ਕਰ ਕੇ ਉਸ ਖ਼ਿਲਾਫ਼ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਦਿਲਜੀਤ ਦੋਸਾਂਝ ਦੇ ਜਵਾਬ ਦੇਣ ਦੇ ਬਾਵਜੂਦ ਨਸੀਬ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲ ਹੀ ‘ਚ ਰੈਪਰ ਨਸੀਬ ਨੇ ਇੱਕ ਹੋਰ ਇੰਸਟਾਗ੍ਰਾਮ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਨਸੀਬ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਪ੍ਰੋਫਾਈਲ ‘ਤੇ ਗਲੋਬਲ ਸਟਾਰ ਦੀ ਮਜ਼ਾਕੀਆ ਤਸਵੀਰ ਲਗਾਈ। ਇਸ ਤੋਂ ਪਹਿਲਾਂ ਰੈਪਰ ਨਸੀਬ ਨੇ ਦੋਸਾਂਝਾਵਾਲੇ ਦੀ ਭਾਰਤੀ ਨਾਲ ਵੀ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਦਾ ਉਸ ਵੱਲੋਂ ਖੂਬ ਮਜ਼ਾਕ ਬਣਾਇਆ ਗਿਆ। ਹਾਲਾਂਕਿ ਪੋਸਟ ਸ਼ੇਅਰ ਕਰਨ ਮਗਰੋਂ ਕੁਝ ਹੀ ਮਿੰਟਾਂ ‘ਚ ਰੈਪਰ ਨੇ ਇਹ ਪੋਸਟ ਡਿਲੀਟ ਕਰ ਦਿੱਤੀ ਹੈ।

ਦੱਸ ਦੇਈਏ ਕਿ ਰੈਪਰ ਨਸੀਬ ਨੇ ਦਿਲਜੀਤ ਦੋਸਾਂਝ ਨੂੰ ਇਲੂਮਿਨਾਟੀ ਸਾਬਿਤ ਕਰਨ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਹੁਣ ਨਸੀਬ ਵੱਲੋਂ ਇੱਕ ਗੀਤ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਸ਼ੇਅਰ ਕਰਦਿਆਂ ਉਸ ਨੇ ਦੋਸਾਂਝਾਵਾਲੇ ਨੂੰ ਘੇਰਿਆ ਹੈ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਲਗਾਤਾਰ ਟਰੋਲ ਹੋਣ ਤੋਂ ਬਾਅਦ ਵੀ ਰੈਪਰ ਨਸੀਬ ਲਗਾਤਾਰ ਗਲੋਬਲ ਸਟਾਰ ਦੀ ਬੁਰਾਈ ਕਰਦਾ ਨਜ਼ਰ ਆ ਰਿਹਾ ਹੈ।
ਰੈਪਰ ਨਸੀਬ ਨੇ ਛੇੜੀ ਜੰਗ
ਰੈਪਰ ਨਸੀਬ ਦਾ ਇਹ ਕਹਿਣਾ ਹੈ ਕਿ ਦਿਲਜੀਤ ਦੋਸਾਂਝ ਸ਼ੈਤਾਨ ਦਾ ਪੁਜਾਰੀ ਹੈ। ਉਸ ਨੇ ਇੰਨੀ ਤਰੱਕੀ ਸ਼ੈਤਾਨ ਨੂੰ ਆਪਣੀ ਆਤਮਾ ਵੇਚ ਹਾਸਲ ਕੀਤੀ ਹੈ। ਇਸ ਤੋਂ ਬਾਅਦ ਹੀ ਇਹ ਸਿਲਸਿਲਾ ਜਾਰੀ ਹੈ, ਜਿਸ ‘ਚ ਨਸੀਬ ਵੱਲੋਂ ਲਗਾਤਾਰ ਪੋਸਟਾਂ ਸ਼ੇਅਰ ਕਰ ਦਿਲਜੀਤ ਸਣੇ ਉਨ੍ਹਾਂ ਦੀ ਮੈਨੇਜਰ ਸੋਨਾਲੀ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਦਿਲਜੀਤ ਨੇ ਰੈਪਰ ਨਸੀਬ ਨੂੰ ਦਿੱਤਾ ਮੂੰਹ ਤੋੜ ਜਵਾਬ
ਦਿਲਜੀਤ ਦੋਸਾਂਝ ਵੱਲੋਂ ਰੈਪਰ ਨਸੀਬ ਨੂੰ ਤਿੱਖਾ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਆਪਣੇ ਸਾਦਗੀ ਭਰੇ ਅੰਦਾਜ਼ ‘ਚ ਕਿਹਾ, ”ਸਭ ਗੋਵਿੰਦ ਹੈ, ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ…ਰੱਬ ਤੁਹਾਨੂੰ ਬਹੁਤ-ਬਹੁਤ ਤਰੱਕੀ ਦੇਵੇ ਚੜ੍ਹਦੀ ਕਲਾ ‘ਚ ਰੱਖੇ…ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਜਵਾਬ ਵੀ ਦੇ ਰਿਹਾ…ਮੇਰੇ ਵੱਲੋਂ ਸਿਰਫ਼ ਪਿਆਰ ਤੇ ਪਿਆਰ… ਸ਼ੁਕਰ…।”
ਕੀ ਹੈ ਇਲੂਮਿਨਾਟੀ ?
ਖ਼ਬਰਾਂ ਮੁਤਾਬਕ, ਸੀਕਰੇਟ ਸੁਸਾਇਟੀ ਤੇ ਇਲੂਮਿਨਾਟੀ ਬੜੀ ਤੇਜ਼ੀ ਨਾਲ ਫ਼ਿਲਮੀ ਸਿਤਾਰਿਆਂ ਵਿਚਾਲੇ ਆਪਣੇ ਪੈਰ ਪਸਾਰ ਰਿਹਾ ਹੈ। ਇਹ ਸੁਸਾਇਟੀ ਸ਼ੈਤਾਨ ਲਈ ਕੰਮ ਕਰਦੀ ਹੈ। ਇੱਥੇ ਸ਼ੈਤਾਨ ਲੋਕਾਂ ਤੋਂ ਉਨ੍ਹਾਂ ਦੀ ਆਤਮਾ ਖਰੀਦਦਾ ਹੈ ਤੇ ਇਸ ਦੇ ਬਦਲੇ ਉਨ੍ਹਾਂ ਦੀ ਇੱਛਾ ਪੂਰੀ ਕਰਦਾ ਹੈ। ਫਿਰ ਬਾਅਦ ‘ਚ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਪੂਰੀ ਕਰਵਾਉਂਦਾ ਹੈ।







