ਰਾਮਕਲੀ ਮਹਲਾ ੧ ਦਖਣੀ ਓਅੰਕਾਰੁ
ੴਸਤਿਗੁਰ ਪ੍ਰਸਾਦਿ ॥ ਵਿਣੁ ਨਾਵੈ ਵੇਰੋਧੁ ਸਰੀਰ ॥ ਕਿਉ ਨ ਮਿਲਹਿ ਕਾਟਹਿ ਮਨ ਪੀਰ ॥ ਵਾਟ ਵਟਾਊ ਆਵੈ ਜਾਇ ॥ ਕਿਆ ਲੇ ਆਇਆ ਕਿਆ ਪਲੈ ਪਾਇ ॥ ਵਿਣੁ ਨਾਵੈ ਤੋਟਾ ਸਭ ਥਾਇ ॥ ਲਾਹਾ ਮਿਲੈ ਜਾ ਦੇਇ ਬੁਝਾਇ ॥ ਵਣਜੁ ਵਾਪਾਰੁ ਵਣਜੈ ਵਾਪਾਰੀ ॥ ਵਿਣੁ ਨਾਵੈ ਕੈਸੀ ਪਤਿ ਸਾਰੀ ॥੧੬॥ ਗੁਣ ਵਿਚਾਰੇ ਗਿਆਨੀ ਸੋਇ ॥ ਗੁਣ ਮਹਿ ਗਿਆਨੁ ਪਰਾਪਤਿ ਹੋਇ ॥ ਗੁਣਦਾਤਾ ਵਿਰਲਾ ਸੰਸਾਰਿ ॥ ਸਾਚੀ ਕਰਣੀ ਗੁਰ ਵੀਚਾਰਿ ॥ ਅਗਮ ਅਗੋਚਰ ਕੀਮਤਿ ਨਹੀ ਪਾਇ ॥ ਤਾ ਮਿਲੀਐ ਜਾ ਲਏ ਮਿਲਾਇ ॥ ਗੁਣਵੰਤੀ ਗੁਣ ਸਾਰੇ ਨੀਤ ॥ ਨਾਨਕ ਗੁਰਮਤਿ ਮਿਲੀਐ ਮੀਤ ॥੧੭॥ ਕਾਮੁ ਕ੍ਰੋਧੁੁ ਕਾਇਆ ਕਉ ਗਾਲੈ ॥ ਜਿਉ ਕੰਚਨ ਸੋਹਾਗਾ ਢਾਲੈ ॥ ਕਸਿ ਕਸਵਟੀ ਸਹੈ ਸੁ ਤਾਉ ॥ ਨਦਰਿ ਸਰਾਫ ਵੰਨੀ ਸਚੜਾਉ ॥ ਜਗਤੁ ਪਸੂ ਅਹੰ ਕਾਲੁ ਕਸਾਈ ॥ ਕਰਿ ਕਰਤੈ ਕਰਣੀ ਕਰਿ ਪਾਈ ॥ ਜਿਨਿ ਕੀਤੀ ਤਿਨਿ ਕੀਮਤਿ ਪਾਈ ॥ ਹੋਰ ਕਿਆ ਕਹੀਐ ਕਿਛੁ ਕਹਣੁ ਨ ਜਾਈ ॥੧੮॥ ਖੋਜਤ ਖੋਜਤ ਅੰਮ੍ਰਿਤੁ ਪੀਆ ॥ ਖਿਮਾ ਗਹੀ ਮਨੁ ਸਤਗੁਰਿ ਦੀਆ ॥ ਖਰਾ ਖਰਾ ਆਖੈ ਸਭੁ ਕੋਇ ॥ ਖਰਾ ਰਤਨੁ ਜੁਗ ਚਾਰੇ ਹੋਇ ॥ ਖਾਤ ਪੀਅੰਤ ਮੂਏ ਨਹੀ ਜਾਨਿਆ ॥ ਖਿਨ ਮਹਿ ਮੂਏ ਜਾ ਸਬਦੁ ਪਛਾਨਿਆ ॥ ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥ ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥ ਗਗਨ ਗੰਭੀਰੁ ਗਗਨੰਤਰਿ ਵਾਸੁ ॥ ਗੁਣ ਗਾਵੈ ਸੁਖ ਸਹਜਿ ਨਿਵਾਸੁ ॥ ਗਇਆ ਨ ਆਵੈ ਆਇ ਨ ਜਾਇ ॥ ਗੁਰ ਪਰਸਾਦਿ ਰਹੈ ਲਿਵ ਲਾਇ ॥ ਗਗਨੁ ਅਗੰਮੁ ਅਨਾਥੁ ਅਜੋਨੀ ॥ ਅਸਥਿਰੁ ਚੀਤੁ ਸਮਾਧਿ ਸਗੋਨੀ ॥ ਹਰਿ ਨਾਮੁ ਚੇਤਿ ਫਿਰਿ ਪਵਹਿ ਨ ਜੂਨੀ ॥ ਗੁਰਮਤਿ ਸਾਰੁ ਹੋਰ ਨਾਮ ਬਿਹੂਨੀ ॥੨੦॥
ਰਾਮਕਲੀ ਮਹਲਾ ੧ ਦਖਣੀ ਓਅੰਕਾਰੁ
ੴ ਸਤਿਗੁਰ ਪ੍ਰਸਾਦਿ ॥
(ਹੇ ਪਾਂਡੇ! ਤੂੰ ਕਿਉਂ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਨਹੀਂ ਲਿਖਦਾ?) ਤੂੰ ਕਿਉਂ (ਗੋਪਾਲ ਦੀ ਯਾਦ ਵਿਚ) ਨਹੀਂ ਜੁੜਦਾ? ਤੇ, ਕਿਉਂ ਆਪਣੇ ਮਨ ਦਾ ਰੋਗ ਦੂਰ ਨਹੀਂ ਕਰਦਾ? (ਗੋਪਾਲ ਦਾ) ਨਾਮ ਸਿਮਰਨ ਤੋਂ ਬਿਨਾ ਗਿਆਨ ਇੰਦ੍ਰਿਆਂ ਦਾ ਆਤਮਕ ਜੀਵਨ ਨਾਲ ਵਿਰੋਧ ਪੈ ਜਾਂਦਾ ਹੈ । (ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖਣ ਤੋਂ ਬਿਨਾ) ਜੀਵ-ਮੁਸਾਫ਼ਿਰ ਜਗਤ ਵਿਚ (ਜਿਹਾ) ਆਉਂਦਾ ਹੈ ਤੇ (ਤਿਹਾ ਹੀ ਇਥੋਂ) ਤੁਰ ਜਾਂਦਾ ਹੈ, (ਨਾਮ ਦੀ ਕਮਾਈ ਤੋਂ) ਸੱਖਣਾ ਹੀ ਇਥੇ ਆਉਂਦਾ ਹੈ ਤੇ (ਇਥੇ ਰਹਿ ਕੇ ਭੀ) ਕੋਈ ਆਤਮਕ ਖੱਟੀ ਨਹੀਂ ਖੱਟਦਾ । ਨਾਮ ਤੋਂ ਵਾਂਜੇ ਰਿਹਾਂ ਹਰ ਥਾਂ ਘਾਟਾ ਹੀ ਘਾਟਾ ਹੁੰਦਾ ਹੈ (ਭਾਵ, ਮਨੁੱਖ ਪ੍ਰਭੂ ਨੂੰ ਵਿਸਾਰ ਕੇ ਜੋ ਭੀ ਕਿਰਤ-ਕਾਰ ਕਰਦਾ ਹੈ ਉਹ ਖੋਟੀ ਹੋਣ ਕਰ ਕੇ ਉੱਚੇ ਜੀਵਨ ਵਲੋਂ ਹੋਰ ਹੋਰ ਪਰੇ ਲੈ ਜਾਂਦੀ ਹੈ) । ਪਰ ਮਨੁੱਖ ਨੂੰ ਪ੍ਰਭੂ ਦੇ ਨਾਮ ਦੀ ਖੱਟੀ ਤਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਗੋਪਾਲ ਆਪ ਇਹ ਸੂਝ ਬਖ਼ਸ਼ਦਾ ਹੈ । ਨਾਮ ਤੋਂ ਸੱਖਣਾ ਰਹਿ ਕੇ ਜੀਵ-ਵਣਜਾਰਾ ਹੋਰ ਹੋਰ ਵਣਜ-ਵਪਾਰ ਹੀ ਕਰਦਾ ਹੈ, ਤੇ (ਪਰਮਾਤਮਾ ਦੀ ਹਜ਼ੂਰੀ ਵਿਚ) ਇਸ ਦੀ ਚੰਗੀ ਸਾਖ ਨਹੀਂ ਬਣਦੀ ।੧੬। (ਹੇ ਪਾਂਡੇ!) ਉਹੀ ਮਨੁੱਖ ਗੋਪਾਲ-ਪ੍ਰਭੂ ਨਾਲ ਸਾਂਝ ਵਾਲਾ ਹੁੰਦਾ ਹੈ ਜੋ ਉਸ ਦੇ ਗੁਣਾਂ ਨੂੰ ਆਪਣੇ ਮਨ ਵਿਚ ਥਾਂ ਦੇਂਦਾ ਹੈ; ਗੋਪਾਲ ਦੇ ਗੁਣਾਂ ਵਿਚ (ਚਿੱਤ ਜੋੋੜਿਆਂ ਹੀ) ਗੋਪਾਲ ਨਾਲ ਸਾਂਝ ਬਣਦੀ ਹੈ । ਪਰ ਜਗਤ ਵਿਚ ਕੋਈ ਵਿਰਲਾ (ਮਹਾ ਪੁਰਖ ਜੀਵ ਦੀ) ਗੋਪਾਲ ਦੇ ਗੁਣਾਂ ਨਾਲ ਜਾਣ-ਪਛਾਣ ਕਰਾਂਦਾ ਹੈ; ਗੋਪਾਲ ਦੇ ਗੁਣ ਯਾਦ ਕਰਨ ਦਾ ਸੱਚਾ ਕਰਤੱਬ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਹੀ ਹੋ ਸਕਦਾ ਹੈ । (ਹੇ ਪਾਂਡੇ!) ਉਹ ਗੋਪਾਲ ਅਪਹੁੰਚ ਹੈ, ਜੀਵ ਦੇ ਗਿਆਨ-ਇੰਦ੍ਰੇ ਉਸ ਤਕ ਨਹੀਂ ਅੱਪੜ ਸਕਦੇ, (ਸਤਿਗੁਰੂ ਦੀ ਦਿੱਤੀ ਸੂਝ ਤੋਂ ਬਿਨਾ) ਉਸ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ । ਉਸ ਪ੍ਰਭੂ ਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਉਹ (ਸਤਿਗੁਰੂ ਦੀ ਰਾਹੀਂ) ਆਪ ਮਿਲਾ ਲਏ । ਹੇ ਨਾਨਕ! ਕੋਈ ਭਾਗਾਂ ਵਾਲੀ ਜੀਵ-ਇਸਤ੍ਰੀ ਗੋਪਾਲ ਦੇ ਗੁਣ ਸਦਾ ਚੇਤੇ ਰੱਖਦੀ ਹੈ, ਸਤਿਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਹੀ ਮਿਤ੍ਰ-ਪ੍ਰਭੂ ਨੂੰ ਮਿਲ ਸਕੀਦਾ ਹੈ ।੧੭। ਜਿਵੇਂ ਸੋਹਾਗਾ (ਕੁਠਾਲੀ ਵਿਚ ਪਾਏ) ਸੋਨੇ ਨੂੰ ਨਰਮ ਕਰ ਦੇਂਦਾ ਹੈ, (ਤਿਵੇਂ) ਕਾਮ ਅਤੇ ਕੋ੍ਰਧ (ਮਨੁੱਖ ਦੇ) ਸਰੀਰ ਨੂੰ ਨਿਰਬਲ ਕਰ ਦੇਂਦਾ ਹੈ । ਉਹ (ਢਲਿਆ ਹੋਇਆ) ਸੋਨਾ (ਕੁਠਾਲੀ ਵਿਚ) ਸੇਕ ਸਹਿੰਦਾ ਹੈ, ਫਿਰ ਕਸਵੱਟੀ ਦੀ ਕੱਸ ਸਹਾਰਦਾ ਹੈ (ਭਾਵ, ਕਸਵੱਟੀ ਤੇ ਘਸਾ ਕੇ ਪਰਖਿਆ ਜਾਂਦਾ ਹੈ), ਤੇ, ਸੋਹਣੇ ਰੰਗ ਵਾਲਾ ਉਹ ਸੋਨਾ ਸਰਾਫ਼ ਦੀ ਨਜ਼ਰ ਵਿਚ ਕਬੂਲ ਪੈਂਦਾ ਹੈ । (ਕਾਮ ਕੋ੍ਰਧ ਨਾਲ ਨਿਰਬਲ ਹੋਇਆ ਜੀਵ ਭੀ ਪ੍ਰਭੂ ਦੀ ਮਿਹਰ ਨਾਲ ਜਦੋਂ ਗੁਰੂ ਦੇ ਦੱਸੇ ਰਾਹ ਦੀ ਘਾਲ-ਕਮਾਈ ਕਰਦਾ ਹੈ, ਤੇ ਗੁਰੂ ਦੀ ਦੱਸੀ ਸਿੱਖਿਆ ਉਤੇ ਪੂਰਾ ਉਤਰਦਾ ਹੈ ਤਾਂ ਉਹ ਸੋਹਣੇ ਆਤਮਾ ਵਾਲਾ ਪ੍ਰਾਣੀ ਅਕਾਲ ਪੁਰਖ ਦੀ ਨਜ਼ਰ ਵਿਚ ਕਬੂਲ ਹੁੰਦਾ ਹੈ) । ਜਗਤ (ਸੁਆਰਥ ਵਿਚ) ਪਸ਼ੂ ਬਣਿਆ ਪਿਆ ਹੈ, ਹਉਮੈ-ਮੌਤ ਇਸ ਦੇ ਆਤਮਕ ਜੀਵਨ ਦਾ ਸੱਤਿਆਨਾਸ ਕਰਦੀ ਹੈ । ਕਰਤਾਰ ਨੇ ਸ੍ਰਿਸ਼ਟੀ ਰਚ ਕੇ ਇਹ ਮਰਯਾਦਾ ਹੀ ਬਣਾ ਦਿੱਤੀ ਹੈ ਕਿ ਜਿਹੋ ਜਿਹੀ ਕਰਤੂਤ ਕੋਈ ਜੀਵ ਕਰਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ । ਪਰ ਜਿਸ ਕਰਤਾਰ ਨੇ ਇਹ ਮਰਯਾਦਾ ਬਣਾਈ ਹੈ ਇਸ ਦੀ ਕਦਰ ਉਹ ਆਪ ਹੀ ਜਾਣਦਾ ਹੈ । ਇਸ ਮਰਯਾਦਾ ਵਿਚ ਕੋਈ ਉਕਾਈ ਨਹੀਂ ਦੱਸੀ ਜਾ ਸਕਦੀ ।੧੮। (ਸਤਿਗੁਰੂ ਦੀ ਮਤਿ ਦੀ ਸਹੈਤਾ ਨਾਲ) ਜੋ ਮਨੁੱਖ ਮੁੜ ਮੁੜ (ਆਪਣਾ ਆਪ) ਖੋਜ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਹ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਪਕਾ ਲੈਂਦਾ ਹੈ, ਤੇ, ਆਪਣਾ ਮਨ ਆਪਣੇ ਸਤਿਗੁਰੂ ਵਿਚ ਲੀਨ ਕਰ ਦੇਂਦਾ ਹੈ । ਹਰੇਕ ਜੀਵ ਉਸ ਦੇ ਖਰੇ (ਸੁੱਚੇ) ਜੀਵਨ ਦੀ ਸਲਾਘਾ ਕਰਦਾ ਹੈ, ਉਹ ਸਦਾ ਲਈ ਸੁੱਚਾ ਸ੍ਰੇਸ਼ਟ ਬਣ ਜਾਂਦਾ ਹੈ । ਪਰ ਜੋ ਜੀਵ ਦੁਨੀਆ ਦੇ ਭੋਗ ਭੋਗਦੇ ਰਹਿੰਦੇ ਹਨ ਉਹ ਆਤਮਕ ਜੀਵਨ ਵਲੋਂ ਮਰ ਜਾਂਦੇ ਹਨ, ਉਹਨਾਂ ਨੂੰ (ਨਾਮ-ਅੰਮ੍ਰਿਤ ਦੀ) ਸੂਝ ਨਹੀਂ ਪੈਂਦੀ । (ਉਹੀ ਬੰਦੇ) ਜਦ ਸਤਿਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾਂਦੇ ਹਨ, ਤਾਂ ਉਹ ਇਕ ਪਲਕ ਵਿਚ ਹਉਮੈ ਨੂੰ ਮਾਰ ਮੁਕਾਂਦੇ ਹਨ । ਉਹਨਾਂ ਦਾ ਮਨ (ਕਾਮ ਕੋ੍ਰਧ ਆਦਿਕ ਵਲੋਂ) ਅਡੋਲ ਹੋ ਜਾਂਦਾ ਹੈ, ਤੇ ਆਪਾ-ਭਾਵ ਵਲੋਂ ਮਰਨ ਵਿਚ ਖ਼ੁਸ਼ ਹੁੰਦਾ ਹੈ । ਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਦੇ ਨਾਮ ਨਾਲ ਉਹਨਾਂ ਦੀ ਡੂੰਘੀ ਸਾਂਝ ਪੈ ਜਾਂਦੀ ਹੈ ।੧੯। (ਹੇ ਪਾਂਡੇ! ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ, ਉਹ ਗੋਪਾਲ) ਸਰਬ-ਵਿਆਪਕ ਹੈ ਤੇ ਜੀਵਾਂ ਦੇ ਔਗੁਣ ਵੇਖ ਕੇ ਛਿੱਥਾ ਨਹੀਂ ਪੈਂਦਾ । ਜਿਸ ਮਨੁੱਖ ਦਾ ਮਨ ਉਸ ਸਰਬ ਵਿਆਪਕ ਗੋਪਾਲ ਵਿਚ ਟਿਕਦਾ ਹੈ, ਜੋ ਮਨੁੱਖ ਉਸ ਦੇ ਗੁਣ ਗਾਂਦਾ ਹੈ, ਉਹ ਸ਼ਾਂਤੀ ਅਤੇ ਅਡੋਲਤਾ ਵਿਚ ਟਿਕ ਜਾਂਦਾ ਹੈ; ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਸਤਿਗੁਰੂ ਦੀ ਕਿਰਪਾ ਨਾਲ ਉਹ (ਸਰਬ-ਵਿਆਪਕ ਗੋੋਪਾਲ ਵਿਚ) ਸੁਰਤਿ ਜੋੜੀ ਰੱਖਦਾ ਹੈ । ਉਹ ਸਰਬ-ਵਿਆਪਕ ਗੋਪਾਲ ਅਪਹੁੰਚ ਹੈ (ਭਾਵ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ), ਉਸ ਦੇ ਸਿਰ ਉਤੇ ਕਿਸੇ ਦਾ ਕੁੰਡਾ ਨਹੀਂ ਹੈ, ਉਹ ਜੰਮਣ-ਮਰਨ ਤੋਂ ਰਹਿਤ ਹੈ । ਉਸ ਵਿਚ ਜੋੜੀ ਹੋਈ ਸੁਰਤਿ ਮਨੁੱਖ ਦੇ ਅੰਦਰ ਗੁਣ ਪੈਦਾ ਕਰਦੀ ਹੈ, ਤੇ ਮਨ ਨੂੰ ਮਾਇਆ ਵਿਚ ਡੋਲਣ ਤੋਂ ਬਚਾ ਲੈਂਦੀ ਹੈ । (ਹੇ ਪਾਂਡੇ!) ਤੂੰ (ਭੀ) ਉਸ ਹਰਿ-ਗੋਪਾਲ ਦਾ ਨਾਮ ਸਿਮਰ, (ਸਿਮਰਨ ਦੀ ਬਰਕਤਿ ਨਾਲ) ਫਿਰ ਜਨਮ-ਮਰਨ ਵਿਚ ਨਹੀਂ ਪਏਂਗਾ । (ਹੇ ਪਾਂਡੇ!) ਸਤਿਗੁਰੂ ਦੀ ਮਤਿ ਹੀ (ਜੀਵਨ ਲਈ) ਸੇ੍ਰਸ਼ਟ ਰਸਤਾ ਹੈ, ਹੋਰ ਮਤਿ ਉਸ ਦੇ ਨਾਮ ਤੋਂ ਵਾਂਜਿਆ ਰੱਖਦੀ ਹੈ ।੨੦।
