ਭਗਵੰਤ ਮਾਨ ਨਾਲ ਇਨ੍ਹਾਂ ਪੰਜਾਬੀ ਕਲਾਕਾਰਾਂ ਨੇ ਕਰਵਾਈਆਂ ਫੋਟੋਆਂ, ਦਿੱਤੀਆਂ ਵਧਾਈਆਂ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਵਿਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਭਗਵੰਤ…

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਵਿਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਉਹ 16 ਮਾਰਚ ਨੂੰ ਖਟਕੜ ਕਲਾਂ ਵਿਖੇ ਸਹੁੰ ਚੁੱਕਣਗੇ। ਉਨ੍ਹਾਂ ਦੀ ਇਸ ਜਿੱਤ ‘ਤੇ ਪੂਰੇ ਪੰਜਾਬ ਵਿਚ ਲੋਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਉਥੇ ਹੀ ਕਲਾਕਾਰਾਂ ਵਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ਅਤੇ ਪਾਲੀਵੁੱਡ ਕਲਾਕਾਰਾਂ ਨੇ ਭਗਵੰਤ ਮਾਨ ਦੀ ਖੂਬ ਤਾਰੀਫ ਵੀ ਕੀਤੀ। ਇਸ ਦੌਰਾਨ ਆਪ ਦੀ ਜਿੱਤ ਤੇ ਪਾਲੀਵੁੱਡ ਕਲਾਕਾਰ ਦੇਵ ਖਰੌੜ ਨੇ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ।

ਦੇਵ ਖਰੌੜ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕਰਕੇ ਆਪ ਤੇ ਭਗਵੰਤ ਮਾਨ ਨੂੰ ਵਧਾਈ ਦਿੱਤੀ। ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਅਤੇ ਭਗਵੰਤ ਮਾਨ ਇੱਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਵ ਖਰੌੜ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾ ਦੇਵ ਖਰੌੜ ਨੇ ਭਗਵੰਤ ਮਾਨ ਤੇ ਕਰਮਜੀਤ ਅਨਮੋਲ ਨਾਲ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ ਸੀ, “ਝਾੜੂ ਫੇਰ ਜਿੱਤ ਲਈ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਬਾਈ ਜੀ ਨੂੰ ਬਹੁਤ-ਬਹੁਤ ਮੁਬਾਰਕਾਂ। ਮੈਂ ਉਮੀਦ ਕਰਦਾਂ ਹਾਂ ਕਿ ਭਗਵੰਤ ਮਾਨ ਬਾਈ ਜੀ ਦੀ ਅਗਵਾਈ ਵਿੱਚ ਪੰਜਾਬ ਵਧੇਗਾ ਤੇ ਪ੍ਰਫੂਲਿਤ ਹੋਵੇਗਾ।”

ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਭਗਵੰਤ ਮਾਨ 16 ਮਾਰਚ ਨੂੰ ਸ਼ਹੀਦਾਂ ਦੀ ਧਰਤੀ ਖਟਕੜ ਕਲਾ ਵਿਖੇ ਦੁਪਹਿਰ 12.30 ਵਜੇ ਸਹੁੰ ਚੁੱਕਣਗੇ। ਇਸ ਤੋਂ ਇਲਾਵਾ ਮਾਨ ਸਾਹਬ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਦੌਰਾਨ ਭਗਵੰਤ ਮਾਨ ਚੰਡੀਗੜ੍ਹ ਸਥਿਤ ਰਾਜ ਭਵਨ ਵਿਖੇ ਪਹੁੰਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ੍ਰੀ ਮਾਨ ਦੇ ਦਾਅਵੇ ਨੂੰ ਪ੍ਰਵਾਨ ਕਰ ਲਿਆ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 16 ਮਾਰਚ ਨੂੰ ਸਿਰਫ਼ ਉਹ ਹੀ ਨਹੀਂ ਬਲਕਿ ਪੰਜਾਬ ਦੀ ਖੁਸ਼ਹਾਲੀ ਲਈ ਪੂਰੇ ਪੰਜਾਬ ਦੇ ਲੋਕ ਸਹੁੰ ਚੁੱਕਣਗੇ।

Leave a Reply

Your email address will not be published. Required fields are marked *