ਪਟਿਆਲਾ : ਜਲੰਧਰ ਦੀਆਂ ਲੋਕ ਸਭਾ ਜ਼ਿਮਨੀ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਦੇ ਸਟੇਟ ਰੈਗੂਲੇਟਰੀ ਬਿਜਲੀ ਕਮਿਸ਼ਨ ਨੇ 2023-24 ਲਈ ਪੰਜਾਬ ਵਿਚ ਬਿਜਲੀ ਦਰਾਂ ਦੇ ਰੇਟਾਂ ਵਿਚ ਵਾਧਾ ਕੀਤਾ ਹੈ। ਇਸ ਸਬੰਧ ਵਿਚ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਕਮਿਸ਼ਨ ਨੇ ਵਧੀਆਂ ਹੋਈਆਂ ਨਵੀਂਆਂ ਦਰਾਂ ਜਾਰੀ ਕੀਤੀਆਂ ਹਨ। ਆਮ ਖਪਤਕਾਰਾਂ ਲਈ ਸਰਕਾਰ ਨੇ 300 ਯੂਨਿਟ ਤਕ ਹਰ ਘਰ ਦੀ ਬਿਜਲੀ ਮਾਫ ਕੀਤੀ ਹੋਈ ਹੈ, ਜਿਸ ਕਾਰਨ ਪੰਜਾਬ ਵਿਚ ਬਹੁਤੇ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਹਨ। ਇਸ ਫੈਸਲੇ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ।
2 ਕਿਲੋਵਾਟ ਤੱਕ ਦੇ ਕੁਨੈਕਸ਼ਨਾਂ ‘ਤੇ ਨਵੀਆਂ ਦਰਾਂ ਮੁਤਾਬਕ 0 ਤੋਂ 100 ਯੂਨਿਟ ਬਿਜਲੀ ਦੀ ਖਪਤ ਲਈ ਦਰ 4.19 ਰੁਪਏ ਹੋਵੇਗੀ। ਜਦੋਂ ਕਿ ਪਹਿਲਾਂ ਇਹ 3.49 ਰੁਪਏ ਸੀ। ਇਸ ਦਰ ਵਿੱਚ 70 ਪੈਸੇ ਦਾ ਵਾਧਾ ਕੀਤਾ ਗਿਆ ਹੈ। ਖਪਤਕਾਰਾਂ ਨੂੰ ਹੁਣ 101 ਤੋਂ 300 ਯੂਨਿਟ ਤੱਕ ਬਿਜਲੀ ਦੀ ਖਪਤ ਲਈ 6.64 ਪੈਸੇ ਦਾ ਭੁਗਤਾਨ ਕਰਨਾ ਹੋਵੇਗਾ। ਜਦੋਂ ਕਿ ਪਹਿਲਾਂ ਇਹ 5.84 ਪੈਸੇ ਸੀ। ਇਸ ਦਰ ਵਿੱਚ 80 ਪੈਸੇ ਪ੍ਰਤੀ ਯੂਨਿਟ ਵਾਧਾ ਕੀਤਾ ਗਿਆ ਹੈ । 300 ਤੋਂ ਵੱਧ ਯੂਨਿਟਾਂ ਦੀਆਂ ਦਰਾਂ ਵਿੱਚ 45 ਪੈਸੇ ਦਾ ਵਾਧਾ ਕੀਤਾ ਗਿਆ ਹੈ। ਪਹਿਲਾਂ ਇਹ 7.30 ਪੈਸੇ ਸੀ।
2 ਤੋਂ 7 ਕਿਲੋਵਾਟ ਤੱਕ ਦੇ ਕੁਨੈਕਸ਼ਨਾਂ ਲਈ 0 ਤੋਂ 100 ਯੂਨਿਟ ਲਈ 4.44 ਰੁਪਏ, 101 ਤੋਂ 300 ਯੂਨਿਟ ਲਈ 6.64 ਰੁਪਏ ਅਤੇ 300 ਯੂਨਿਟ ਤੋਂ ਵੱਧ ਦੀ ਖਪਤ ਲਈ 7.75 ਰੁਪਏ ਚਾਰਜ ਕੀਤੇ ਜਾਣਗੇ। ਜਦੋਂ ਕਿ ਪਹਿਲਾਂ ਇਹ ਕ੍ਰਮਵਾਰ 3.74 ਰੁਪਏ, 5.84 ਰੁਪਏ ਅਤੇ 7.30 ਰੁਪਏ ਸੀ। ਵੱਧ ਤੋਂ ਵੱਧ ਵਾਧਾ 2 ਤੋਂ 7 ਕਿਲੋਵਾਟ ਦੇ ਵਿਚਕਾਰ ਕੀਤਾ ਗਿਆ ਹੈ, ਜ਼ੀਰੋ ਤੋਂ 300 ਯੂਨਿਟ ਤੱਕ ਖਪਤ ‘ਤੇ 80 ਪੈਸੇ ਅਤੇ 300 ਤੋਂ ਵੱਧ ਯੂਨਿਟਾਂ ‘ਤੇ 50 ਪੈਸੇ ਦਾ ਵਾਧਾ ਹੋਇਆ ਹੈ। 7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਦੇ ਕੁਨੈਕਸ਼ਨਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। 0 ਤੋਂ 100 ਯੂਨਿਟ ਤੱਕ ਸਲੈਬ ਵਿੱਚ 70 ਰੁਪਏ, 100 ਤੋਂ 300 ਯੂਨਿਟ ਤੱਕ 65 ਪੈਸੇ ਅਤੇ 300 ਯੂਨਿਟ ਤੋਂ ਉੱਪਰ ਦੀ ਖਪਤ ਲਈ 25 ਪੈਸੇ ਦਾ ਵਾਧਾ ਕੀਤਾ ਗਿਆ ਹੈ।



