Patiala shooting incident: ਪਟਿਆਲਾ ਦੇ ਗੁਰਦੁਆਰੇ ਵਿੱਚ ਬੇਅਦਬੀ ਦੇ ਮਾਮਲੇ ਵਿੱਚ ਐਤਵਾਰ ਰਾਤ 10 ਵਜੇ ਇੱਕ ਸ਼ਰਧਾਲੂ ਵੱਲੋਂ ਇੱਕ ਔਰਤ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਔਰਤ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੀ ਹਦੂਦ ‘ਚ ਝੀਲ ਕੋਲ ਸ਼ਰਾਬ ਪੀ ਰਹੀ ਸੀ। ਗੋਲੀਬਾਰੀ ‘ਚ ਇਕ ਫੌਜੀ ਵੀ ਜ਼ਖਮੀ ਹੋ ਗਿਆ। ਮੁਲਜ਼ਮ ਦਾ ਨਾਂ ਨਿਰਮਲਜੀਤ ਸਿੰਘ ਹੈ ਅਤੇ ਉਹ ਪਟਿਆਲਾ ਦਾ ਰਹਿਣ ਵਾਲਾ ਹੈ। ਉਹ ਪ੍ਰਾਪਰਟੀ ਡੀਲਰ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਚ ਸ਼ਰਾਬ ਪੀਣ ਵਾਲੀ ਔਰਤ ਨਸ਼ੇੜੀ ਸੀ ਜਿਸਨੂੰ ਸ਼ਰਾਬ ਪੀਣ ਦੀ ਲੱਤ ਲੱਗੀ ਹੋਈ ਸੀ ਤੇ ਇਸਦਾ ਇਕ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਵੀ ਚਲ ਰਿਹਾ ਸੀ। ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ ਐਸ ਪੀ ਨੇ ਦੱਸਿਆ ਕਿ ਇਹ ਔਰਤ ਬੀਤੇ ਕੱਲ੍ਹ ਜ਼ੀਰਕਪੁਰ ਤੋਂ ਬੱਸ ਵਿਚ ਬੈਠ ਕੇ ਇਥੇ ਪਹੁੰਚੀ ਸੀ ਤੇ ਇਹ ਸ਼ਰਾਬ ਦਾ ਪਊਆ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੀ ਸੀ । ਇਥੇ ਸੰਗਤਾਂ ਨੇ ਉਸਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਇਸਨੇ ਉਲਟਾ ਉਹਨਾਂ ’ਤੇ ਹਮਲਾ ਕੀਤਾ।
ਉਹਨਾਂ ਦੱਸਿਆ ਕਿ ਇਸਨੂੰ ਮਾਰਨ ਵਾਲਾ ਨਿਰਮਲਜੀਤ ਸਿੰਘ ਸੈਣੀ ਇਕ ਬਹੁਤ ਹੀ ਧਾਰਮਿਕ ਆਸਥਾ ਵਾਲਾ ਸ਼ਰਧਾਲੁ ਹੈ ਜੋ ਇਸਦੇ ਸ਼ਰਾਬ ਪੀਣ ਤੋਂ ਤੈਸ਼ ਵਿਚ ਆ ਗਿਆ ਤੇ ਉਸਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ 5 ਗੋਲੀਆਂ ਚਲਾਈਆਂ ਜਿਸ ਵਿਚੋਂ 4 ਔਰਤ ਨੂੰ ਲੱਗੀਆਂ ਤੇ ਇਕ ਸੇਵਾਦਾਰ ਸਾਗਰ ਨੂੰ ਲੱਗ ਗਈ ਜੋ ਰਾਜਿੰਦਰਾ ਹਸਪਤਾਲ ਵਿਚ ਜੇਰੇ ਇਲਾਜ ਹੈ ਤੇ ਖਤਰੇ ਤੋਂ ਬਾਹਰ ਹੈ।
ਐਸ ਐਸ ਪੀ ਨੇ ਦੱਸਿਆ ਕਿ ਇਸ ਔਰਤ ਕੋਲੋਂ ਜੋ ਆਧਾਰ ਕਾਰਡ ਮਿਲਿਆ ਹੈ, ਉਸ ’ਤੇ ਕਿਸੇ ਪੀ ਜੀ ਦਾ ਐਡਰੈਸ ਸੀ ਜਿਥੇ ਇਹ ਬੀਤੇ 2-3 ਸਾਲਾਂ ਤੋਂ ਨਹੀਂ ਰਹਿ ਰਹੀ ਸੀ। ਹੁਣ ਤੱਕ ਉਸਦੀ ਲਾਸ਼ ਲੈਣ ਵਾਸਤੇ ਕੋਈ ਵੀ ਵਾਰਸ ਪੁਲਿਸ ਕੋਲ ਨਹੀਂ ਪੁੱਜਾ।
ਗੁਰਦੁਆਰਾ ਸਾਹਿਬ ਵਿੱਚ ਸ਼ਰਾਬ ਦਾ ਸੇਵਨ ਮੰਦਭਾਗਾ-SGPC
ਇਸ ਮਾਮਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਸ਼ਰਾਬ ਦਾ ਸੇਵਨ ਮੰਦਭਾਗਾ ਹੈ। ਬੇਅਦਬੀ ਪਿਛਲੀਆਂ ਸਾਜਿਸ਼ਾਂ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ।



