ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਯਾਤਰੀ ਨਿਵਾਸ ਵਿਖੇ ਧਮਾਕਾ ਹੋਇਆ ਜਿਸ ਨੂੰ ਲੈ ਕੇੇ ਸ੍ਰੋਮਣੀ ਕਮੇਟੀ ਦੇ ਮੁਲਾਜ਼ਮ ਤੁਰੰਤ ਹਰਕਤ ਵਿੱਚ ਆ ਗਏ। ਇਸ ਸਮੁੱਚੀ ਘਟਨਾ ਦਾ ਖੁਲਾਸਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਮੌਕੇ ‘ਤੇ ਪਹੁੰਚੇ ਮੁਲਾਜ਼ਮਾਂ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ 35 ਸਾਲਾ ਨੌਜਵਾਨ ਦੀ ਲੋਕੇਸ਼ਨ ਟਰੇਸ ਕੀਤੀ ਅਤੇ ਉਸ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਸੁਰੱਖਿਆ ਦਸਤੇ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। ਉਕਤ ਸ਼ੱਕੀ ਗਤੀਵਿਧੀਆਂ ‘ਚ ਸ਼ਾਮਲ ਇਸ ਨੌਜਵਾਨ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਇਥੇ ਰਹਿ ਰਹੇ ਨਵ-ਵਿਆਹੁਤਾ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ। ਇਸ ਤਰ੍ਹਾਂ ਸੁਰੱਖਿਆ ਦਸਤੇ ਨੇ ਤਿੰਨਾਂ ਨੂੰ ਕਾਬੂ ਕਰਕੇ ਮੌਕੇ ’ਤੇ ਪੁੱਜੀ ਪੁਲਿਸ ਦੇ ਹਵਾਲੇ ਕਰ ਦਿੱਤਾ।
ਐਡਵੋਕੇਟ ਧਾਮੀ ਨੇ ਧਮਾਕੇ ਦੀ ਇਸ ਤੀਜੀ ਘਟਨਾ ਨੂੰ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਪੁਲਿਸ ਨੇ ਪਹਿਲੇ ਦੋ ਧਮਾਕਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਇਹ ਘਟਨਾ ਵਾਪਰੀ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਸੀ.ਸੀ.ਟੀ.ਵੀ. ਕੈਮਰਾ ਰੂਮ ਦੀ ਨਿਗਰਾਨੀ ਕਰ ਰਹੇ ਜਵਾਨਾਂ ਅਤੇ ਸੁਰੱਖਿਆ ਦਸਤੇ ਨੇ ਮੌਕਾ ਸੰਭਾਲਦਿਆਂ ਤਿੰਨਾਂ ਨੂੰ ਸਮੇਂ ਸਿਰ ਕਾਬੂ ਕਰ ਲਿਆ। ਧਾਮੀ ਨੇ ਅੱਗੇ ਦੱਸਿਆ ਕਿ ਅਸਲ ਵਿੱਚ ਪੰਜਾਬ ਪੁਲਿਸ ਨੇ ਹੈਰੀਟੇਜ ਸਟਰੀਟ ਵਿੱਚ ਵਾਪਰੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜੇਕਰ ਪੁਲਿਸ ਪਹਿਲਾਂ ਹੀ ਚੌਕਸ ਹੁੰਦੀ ਤਾਂ ਅਜਿਹੀਆਂ ਘਟਨਾਵਾਂ ਨਾ ਵਾਪਰਦੀਆਂ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸ੍ਰੀ ਹਰਿਮੰਦਰ ਸਾਹਿਬ ਪਰਿਸਰ ਵਿੱਚ ਸੰਗਤਾਂ ਦੀ ਜਾਂਚ ਲਈ ਸਕੈਨਰ ਲਗਾਉਣ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਹੁਣ ਜ਼ਰੂਰੀ ਹੋ ਗਿਆ ਹੈ, ਮੌਜੂਦਾ ਘਟਨਾਕ੍ਰਮ ਤੋਂ ਸਬਕ ਲੈਂਦਿਆਂ ਹੁਣ ਇਮਾਰਤਾਂ ਖਾਸ ਕਰਕੇ ਯਾਤਰੀਆਂ ਦੀ ਰਿਹਾਇਸ਼ ਦੇ ਬਾਹਰ ਸਕੈਨਰ ਲਗਾਏ ਜਾਣਗੇ ਅਤੇ ਆਧੁਨਿਕ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ।



