Jalandhar LS Bypoll 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 ਲਈ ਅੱਜ 10 ਮਈ ਦਿਨ ਬੁੱਧਵਾਰ ਨੂੰ ਵੋਟਿੰਗ ਹੋ ਰਹੀ ਹੈ। ਜਲੰਧਰ ਲੋਕ ਸਭਾ ਸੀਟ ‘ਤੇ ਕੁੱਲ 16 ਲੱਖ 21 ਹਜ਼ਾਰ 800 ਵੋਟਰ ਹਨ। ਜਿਸ ਵਿੱਚ 38 ਹਜ਼ਾਰ 313 ਵੋਟਰ 80 ਸਾਲ ਤੋਂ ਵੱਧ ਉਮਰ ਦੇ ਹਨ ਜਦਕਿ 10 ਹਜ਼ਾਰ 526 ਅਪਾਹਜ ਹਨ। ਜਲੰਧਰ ਵਿਚ 8 ਲੱਖ 43 ਹਜ਼ਾਰ 229 ਵੋਟਰਸ ਹਨ, 7 ਲੱਖ 75 ਹਜ਼ਾਰ 173 ਔਰਤ ਵੋਟਰ ਹਨ ਅਤੇ 40 ਅਪਾਹਿਜ ਵੋਟਰਸ ਹਨ।
ਮਹਿਲਾਵਾਂ ਲਈ ਬਣਾਏ ਸਪੈਸ਼ਲ ਬੂਥ –
ਜਲੰਧਰ ਵਿੱਚ ਕੁੱਲ 1972 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ ਵਿੱਚ ਵੈਬ ਕੈਮਰਾਸ ਰਾਹੀਂ ਨਜ਼ਰ ਰੱਖੀ ਜਾਵੇਗੀ ਅਤੇ ਔਰਤਾਂ ਲਈ ਅਲੱਗ ਤੋਂ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਹਨਾਂ ਬੂਥਾਂ ਦਾ ਪ੍ਰਬੰਧਨ ਸਿਰਫ਼ ਔਰਤਾਂ ਹੀ ਕਰਨਗੀਆਂ।
19 ਉਮੀਦਵਾਰ ਚੋਣ ਮੈਦਾਨ ‘ਚ-
ਜਲੰਧਰ ਲੋਕ ਸਭਾ ਸੀਟ ਕਾਂਗਰਸ ਦੇ ਐਮਪੀ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਈ। ਜਿਸ ਕਾਰਨ ਇਥੇ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਵਾਰ 4 ਮੁੱਖ ਪਾਰਟੀਆਂ ਵਿਚ ਮੁਕਾਬਲਾ ਹੈ। ਜਿਹਨਾਂ ਤੋਂ ਇਲਾਵਾ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿਚ ਹਨ। ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ, ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ, ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਅਕਾਲੀ ਦਲ ਤੋਂ ਡਾ. ਸੁਖਵਿੰਦਰ ਸੁੱਖੀ। ਇਹਨਾਂ 4 ਤੋਂ ਇਲਾਵਾ 15 ਹੋਰ ਉਮੀਦਵਾਰ ਚੋਣ ਮੈਦਾਨ ‘ਚ ਹਨ।
Jalandhar LS Bypoll 2023 HIGHLIGHTS : –
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਖਤਮ:
ਜਲੰਧਰ ਜ਼ਿਮਨੀ ਚੋਣ ਦੇ ਲਈ ਵੋਟਿੰਗ ਦਾ ਸਮਾਂ ਖ਼ਤਮ ਹੋ ਚੁੱਕਿਆ ਹੈ ਪਰ ਹੁਣ ਸਿਰਫ ਕਤਾਰਾਂ ’ਚ ਖੜੇ ਲੋਕ ਹੀ ਵੋਟ ਪਾ ਰਹੇ ਹਨ।
5:00 PM- 5 ਵਜੇ ਤੱਕ 50 ਫੀਸਦ ਹੋਈ ਵੋਟਿੰਗ
ਜਲੰਧਰ ਲੋਕ ਸਭਾ ਜਿਮਨੀ ਚੋਣ ਦੀ ਵੋਟਿੰਗ ਲਗਾਤਾਰ ਜਾਰੀ ਹੈ। 5 ਵਜੇ ਤੱਕ 50 ਫੀਸਦ ਵੋਟਿੰਗ ਹੋ ਚੁੱਕੀ ਹੈ।
ਸੀਐੱਮ ਭਗਵੰਤ ਮਾਨ ਦੀ ਵੋਟਰਾਂ ਨੂੰ ਅਪੀਲ
ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਲੋਕਾਂ ਨੂੰ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਸ਼ਾਮ ਦੇ 6 ਵਜੇ ਤੱਕ ਵੋਟਿੰਗ ਦਾ ਮਤਲਬ ਹੈ ਕਿ ਜੋ ਵੀ ਵੋਟਰ 6 ਵਜੇ ਤੱਕ ਪੋਲਿੰਗ ਸਟੇਸ਼ਨ ਤੇ ਲਾਈਨ ਵਿੱਚ ਲੱਗ ਗਏ। ਉਨ੍ਹਾਂ ਦੀ ਵੋਟ ਜ਼ਰੂਰ ਪਵੇਗੀ ਭਾਂਵੇ ਜਿੰਨਾ ਮਰਜ਼ੀ ਸਮਾਂ ਲੱਗੇ। ਇਸ ਕਰਕੇ ਆਖ਼ਰੀ ਘੰਟੇ ਚ ਪੋਲਿੰਗ ਬੂਥ ਤੇ ਪਹੁੰਚ ਕੇ ਇਤਿਹਾਸ ਦਾ ਹਿੱਸਾ ਬਣੋ। ਇਨਕਲਾਬ ਜ਼ਿੰਦਾਬਾਦ।
4:40PM- ਜਲੰਧਰ ‘ਚ ਦੁਪਹਿਰ 4 ਵਜੇ ਤੱਕ 41.02 ਫੀਸਦੀ ਵੋਟਿੰਗ ਫਿਲੌਰ-ਸ਼ਾਹਕੋਟ ‘ਚ ਸਭ ਤੋਂ ਵੱਧ, ਜਲੰਧਰ ਸੈਂਟਰਲ-ਕੈਂਟ ‘ਚ ਸਭ ਤੋਂ ਘੱਟ; ਬਾਹਰੀ ਲੋਕਾਂ ਨੂੰ ਜ਼ਿਲ੍ਹਾ ਛੱਡਣ ਦਾ ਅਲਟੀਮੇਟਮ
2:40 PM – ਬੀਜੇਪੀ ਆਗੂ ਸਰਬਜੀਤ ਮੱਕੜ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ’ਤੇ ਪੈਸੇ ਵੰਡਣ ਦੇ ਇਲਜ਼ਾਮ ਲਗਾਏ ਹਨ। ਮਿਲੀ ਜਾਣਕਾਰੀ ਮੁਤਾਬਿਕ ਜਲੰਧਰ ਕੈਂਟ ਤੋਂ ਆਮ ਆਦਮੀ ਪਾਕਟੀ ਦਾ ਵਿਧਾਇਕ ਦਲਜੀਤ ਸਿੰਘ ਭੋਲਾ ’ਤੇ ਪੈਸੇ ਵੰਡਣ ਦੇ ਇਲਜ਼ਾਮ ਲੱਗੇ ਹਨ। ਬੀਜੇਪੀ ਆਗੂ ਨੇ ਇਲਜ਼ਾਮ ਲਗਾਇਆ ਕਿ ਲੁਧਿਆਣਾ ਪੂਰਬੀ ਤੋਂ ਆਮ ਆਦਮੀ ਪਾਰਟੀ ਵਿਧਾਇਕ ਜਲੰਧਰ ਕੈਂਟ ’ਚ ਵੀ ਨਜ਼ਰ ਆਇਆ। ਫਿਲਹਾਲ ਮੌਕੇ ਤੇ ਬਹਿਸ ਤੋਂ ਬਾਅਦ ਬਾਈਕ ’ਤੇ ਸਵਾਰ ਹੋ ਕੇ ਆਮ ਆਦਮੀ ਪਾਰਟੀ ਦਾ ਵਿਧਾਇਕ ਉੱਥੋ ਚਲਾ ਗਿਆ।
2:10 PM – ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਕੀਤੀ ਹੈ। ਸੱਤਾਧਾਰੀ ਧਿਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਇਲਜ਼ਾਮ ਲਗਾਏ ਗਏ ਹਨ। ਨਾਲ ਹੀ ਉਨ੍ਹਾਂ ਨੇ ਵੋਟਿੰਗ ਦੌਰਾਨ ਬਾਹਰੀ ਆਗੂਆਂ ਦੇ ਦਖਲ ਨੂੰ ਲੈ ਕੇ ਸਵਾਲ ਚੁੱਕੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਸਾਸਨਿਕ ਅਧਿਕਾਰੀ ਮੂਕ ਦਰਸ਼ਕ ਬਣੇ।
1:35 PM – ਦੁਪਹਿਰ ਇਕ ਵਜੇ ਤੱਕ 30.93 ਫੀਸਦ ਵੋਟਿੰਗ ਦਰਜ ਕੀਤੀ ਗਈ ਹੈ।
1:00 PM – ਆਮ ਆਦਮੀ ਪਾਰਟੀ ’ਤੇ ਪੋਲਿੰਗ ਬੂਥ ’ਚ ਬਾਹਰੀ ਆਗੂਆਂ ਦੇ ਦਖਲ ਹੋਣ ਦੇ ਇਲਜ਼ਾਮ ਲੱਗੇ ਹਨ। ਆਦਮ ਪੁਰ ’ਚ ਆਮ ਆਦਮੀ ਪਾਰਟੀ ਦੇ ਬੂਥ ’ਤੇ ਘੇਰੇ ਬਾਹਰੀ ਆਮ ਆਦਮੀ ਪਾਰਟੀ ਦੇ ਆਗੂ ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਪਵਨ ਕੁਮਾਰ ਟੀਨੂੰ ਨੇ ਆਮ ਆਦਮੀ ਪਾਰਟੀ ਦੇ ਬੂਥ ’ਤੇ ਬੈਠੇ ਬਾਹਰੀ ਆਗੂਆਂ ਨੂੰ ਕਾਬੂ ਕੀਤਾ। ਦੱਸ ਦਈਏ ਕਿ ਅਟਾਰੀ ਤੋਂ ਆਏ ਆਮ ਆਦਮੀ ਪਾਰਟੀ ਦੇ ਵਰਕਰ ਆਦਮਪੁਰ ’ਚ ਬੂਥ ਸੰਭਾਲ ਰਹੇ ਸਨ।
11:00 AM- ਜਲੰਧਰ ਜ਼ਿਮਨੀ ਚੋਣ ਦੌਰਾਨ ਕਾਂਗਰਸੀ ਵਰਕਰ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਤਕਰਾਰ ਹੋਈ ਹੈ। ਸ਼ਾਹਕੋਟ ਦੇ ਪਿੰਡ ਰੂਪਾਵਾਲ ਵਿਖੇ ਹੰਗਾਮਾ ਹੋਇਆ ਹੈ।
10:00 AM- 9 ਵਜੇ ਤੱਕ 5.21 ਫੀਸਦੀ ਵੋਟਿੰਗ ਹੋਈ ਹੈ।
9:40 AM- ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ- ਇਹ ਸਾਡਾ ਜਮਹੂਰੀ ਹੱਕ ਹੈ, ਹਰ ਕਿਸੇ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਸਮੁੱਚੇ ਪੇਂਡੂ ਖੇਤਰ ਵਿੱਚੋਂ ਆਵਾਜ਼ਾਂ ਆ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਨੇ ਕਿਸੇ ਆਗੂ ਦੀ ਥਾਂ ਮੇਰੇ ਵਰਗੇ ਵਾਤਾਵਰਨ ਪ੍ਰੇਮੀ ਨੂੰ ਰਾਜ ਸਭਾ ਮੈਂਬਰ ਬਣਾਇਆ। ਲੋਕ ਆਪਣਾ ਧੰਨਵਾਦ ਦਿਖਾ ਰਹੇ ਹਨ।
8:55 AM- ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ‘ਚ ਇਸ ਤਰ੍ਹਾਂ ਦੀ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਲੋਕ ਪੰਜਾਬ ‘ਚ ਪਹਿਲਾਂ ਕਦੇ ਨਹੀਂ ਹੋਈ। ਇੱਥੇ ਡਰਾਉਣਾ ਮਾਹੌਲ ਬਣ ਗਿਆ ਹੈ। ਲੋਕਾਂ ‘ਤੇ ਦਬਾਅ ਬਣਾਇਆ ਗਿਆ ਹੈ। ਲੋਕਾਂ ਨੂੰ ਬਾਹਰੋਂ ਲਿਆ ਕੇ ਪਿੰਡ ਵਿੱਚ ਰੱਖਿਆ ਗਿਆ ਹੈ। ਪੰਜਾਬੀਆਂ ਨੂੰ ਇਹ ਬਰਦਾਸ਼ਤ ਨਹੀਂ ਹੈ। ਜੇਕਰ ‘ਆਪ’ ਸਰਕਾਰ ਨੇ ਇੱਕ ਇੱਟ ਵੀ ਲਗਾ ਦਿੱਤੀ ਤਾਂ ਲੋਕ ਉਨ੍ਹਾਂ ਨੂੰ ਹੀ ਵੋਟ ਦੇਣਗੇ। ਕਾਂਗਰਸ ਸਰਕਾਰ ਦੇ ਕੰਮ ਵੀ ਰੁਕੇ ਹੋਏ ਸਨ।
8:35AM- ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਜਲੰਧਰ ਪੱਛਮੀ ਤੋਂ ਆਪਣੀ ਵੋਟ ਪਾਉਣ ਪਹੁੰਚੇ। ਉਨ੍ਹਾਂ ਕਿਹਾ ‘ਲੋਕ ਸੰਤੁਸ਼ਟ ਹਨ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਦਿੱਤੀ ਗਈ ਗਰੰਟੀ ਨੂੰ ਪੂਰਾ ਕਰ ਰਹੇ ਹਨ। ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ। ਮੁਹੱਲਾ ਕਲੀਨਿਕ ਆਉਣੇ ਸ਼ੁਰੂ ਹੋ ਗਏ ਹਨ। ਸਰਕਾਰ ਨੇ ਇੱਕ ਸਾਲ ਵਿੱਚ ਜ਼ੋਰਦਾਰ ਕੰਮ ਕੀਤਾ ਹੈ।
8:00 AM- ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਹੈ।
7:20 AM- ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
6:50 AM- ਜਲੰਧਰ ਜ਼ਿਮਨੀ ਚੋਣ ਲਈ 8 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਵੋਟਿੰਗ ਹੋਵੇਗੀ।



