Sri Hemkunt Sahib: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਮੇਂ ਇਸ ਪਵਿੱਤਰ ਯਾਤਰਾ ਦੇ ਰਸਤੇ ’ਚ ਸਿਰਫ਼ ਬਰਫ਼ ਹੀ ਪਈ ਹੈ। ਬਰਫ਼ ਨੂੰ ਹਟਾਉਣ ਦਾ ਕੰਮ ਫ਼ੌਜ ਦੇ ਜਵਾਨ ਕਰ ਰਹੇ ਹਨ। ਫ਼ੌਜ ਦੇ ਜਵਾਨ 20 ਅਪ੍ਰੈਲ ਤੋਂ ਇਸ ਰਸਤੇ ਤੋਂ ਬਰਫ਼ ਹਟਾਉਣ ਦੇ ਕੰਮ ’ਚ ਲੱਗੇ ਹੋਏ ਹਨ।
ਭਾਰਤੀ ਫ਼ੌਜ ਦੀ 418 ਇੰਡੀਪੈਂਡੈਂਟ ਇੰਜੀਨੀਅਰ ਕੋਰ ਦੇ ਜਵਾਨਾਂ ਨੇ ਸ੍ਰੀ ਹੇਮਕੁੰਟ ਸਾਹਿਬ ਤੋਂ ਪਹਿਲਾਂ ਅਟਲਕੋਟੀ ਗਲੇਸ਼ੀਅਰ ਨੂੰ ਕੱਟ ਕੇ 4 ਫੁੱਟ ਚੌੜਾ ਰਸਤਾ ਬਣਾਇਆ ਹੈ। ਇਸ ਸਮੇਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਪੂਰੀ ਤਰ੍ਹਾਂ ਬਰਫ਼ ਹੈ ਅਤੇ ਪਵਿੱਤਰ ਝੀਲ ਪੂਰੀ ਤਰ੍ਹਾਂ ਬਰਫ਼ ਨਾਲ ਢਕੀ ਹੋਈ ਹੈ। ਸ਼ਨਿਚਰਵਾਰ ਤੋਂ ਫ਼ੌਜੀ ਜਵਾਨ ਟਰੱਸਟ ਸੇਵਾਦਾਰਾਂ ਨਾਲ ਮਿਲ ਕੇ ਹੇਮਕੁੰਟ ਸਾਹਿਬ ਤੋਂ ਹੇਠਾਂ ਜਾਣ ਵਾਲੇ ਰਸਤੇ ਤੋਂ ਬਰਫ਼ ਹਟਾਉਣ ਦਾ ਰਸਤਾ ਸਾਫ਼ ਕਰਨਗੇ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਯਾਤਰਾ ਸਬੰਧੀ ਹਰ ਤਰ੍ਹਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਯਾਤਰਾ ਲਈ ਆਉਣ ਵਾਲੀ ਸੰਗਤ ਦੇ ਠਹਿਰਣ, ਖਾਣ-ਪੀਣ ਤੇ ਦਵਾਈਆਂ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ।



