Bhagwant mann: ਪੰਜਾਬ ਪੁਲਿਸ ਵੱਲੋਂ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਵਿੱਚ ਉਨ੍ਹਾਂ ਨੇ ਆਪਰੇਸ਼ਨ ਬਾਰੇ ਵਿਸਥਾਰ ਵਿੱਚ ਦੱਸਿਆ। ਪੰਜਾਬ ਪੁਲਿਸ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਵਿੱਚ ਡਿਗਰੀਆਂ ਅਤੇ ਖੇਡਾਂ ਵਾਲੇ ਮੈਡਲ ਹੋਣ। ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਨੌਜਵਾਨ ਕਿਸੇ ਬਹਿਕਾਵੇ ਵਿੱਚ ਆ ਜਾਣ।
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਨੂੰ ਆਜਾਦ ਕਰਵਾਉਣ ਲਈ ਤੇ ਇਸਨੂੰ ਕਾਇਮ ਰੱਖਣ ਲਈ ਸਾਡੇ ਜਵਾਨਾਂ ਤੇ ਲੋਕਾਂ ਦਾ ਵੱਡਾ ਹੱਥ ਹੈ। ਪੰਜਾਬ ਨੇ ਮੋਹਰੀ ਸੂਬੇ ਦੀ ਭੂਮਿਕਾ ਨਿਭਾਈ ਹੈ। ਮੈਂ ਪੂਰੀ ਰਾਤ ਨਹੀਂ ਸੁੱਤਾ। ਮੈਂ ਹਰੇਕ 15 ਮਿੰਟ ਬਾਅਦ ਸਾਰੀ ਸਥਿਤੀ ਤੇ ਅਧਿਕਾਰੀਆਂ ਨਾਲ ਪੁੱਛਗਿੱਛ ਕਰਦਾਂ ਰਿਹਾਂ ਹਾ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਡੀ ਜਿੰਮੇਦਾਰੀ ਅਮਨ ਕਾਨੂੰਨ ਬਰਕਰਾਰ ਰੱਖਣ ਦੀ ਲਾਈ ਹੈ, ਇਸ ਲਈ ਅਸੀਂ ਕੰਮ ਕਰਦੇ ਰਹਾਂਗੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ 18 ਮਾਰਚ ਨੂੰ ਜਦੋਂ ਕਾਰਵਾਈ ਕੀਤੀ ਗਈ ਸੀ ਤਾਂ ਉਸੇ ਦਿਨ ਗ੍ਰਿਫਤਾਰੀ ਹੋ ਸਕਦੀ ਸੀ ਪਰ ਉਦੋਂ ਕੁੱਝ ਵੀ ਵਾਪਰ ਸਕਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਈ ਮਹੀਨਿਆਂ ਤੋਂ ਪੰਜਾਬ ਦੇ ਅਮਨ ਕਾਨੂੰਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਸੀ। ਕੁਝ ਲੋਕ 18 ਮਾਰਚ ਨੂੰ ਫੜੇ ਗਏ। ਪਰ ਅਸੀਂ ਨਹੀਂ ਚਾਹੁੰਦੇ ਸੀ ਕਿ ਗੋਲੀ ਚੱਲੇ ਜਾਂ ਕੋਈ ਖੂਨ ਖਰਾਬਾ ਹੋਵੇ।

