ਮੋਗਾ: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਐਤਵਾਰ ਦੀ ਚੜ੍ਹਦੀ ਸਵੇਰ ਪੁਲਿਸ ਨੇ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।ਪੰਜਾਬ ਪੁਲਿਸ ਵਲੋਂ ਉਸਨੂੰ 36 ਦਿਨਾਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ 18 ਮਾਰਚ ਤੋਂ ਭਗੌੜਾ ਚੱਲ ਰਿਹਾ ਸੀ।
ਇੱਥੇ ਦੱਸ ਦਈਏ ਕਿ ਮੋਗਾ ਦਾ ਰੋਡੇ ਪਿੰਡ ਤੋਂ ਹੀ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਹੋਈ ਸੀ। ਪੁਲਿਸ ਨੂੰ ਸੂਹ ਮਿਲੀ ਸੀ ਕਿ ਉਹ ਇਸੇ ਪਿੰਡ ਵਿਚ ਰੁਕਿਆ ਹੋਇਆ ਹੈ, ਪੁਲਿਸ ਨੇ ਐਕਸ਼ਨ ਲੈਂਦਿਆ ਅੱਜ ਸਵੇਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗ੍ਰਿਫਤਾਰੀ ਤੋਂ ਪਹਿਲਾਂ ਸੰਗਤ ਨੂੰ ਸੰਬੋਧਨ:-
ਗ੍ਰਿਫ਼ਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਅਸਥਾਨ ਉੱਤੇ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਹੋਇਆ ਤੇ ਇਸੇ ਸਥਾਨ ਉੱਤੇ ਮੇਰੀ ਦਸਤਾਰ ਬੰਦੀ ਹੋਈ ਅੱਜ ਉਸੇ ਸਥਾਨ ਉੱਤੇ ਬਹੁਤ ਅਹਿਮ ਮੋੜ ਉੱਤੇ ਆ ਕੇ ਖੜ ਗਏ ਹਾਂ।
ਸਰਕਾਰ ਉੱਤੇ ਲਗਾਏ ਇਲਜ਼ਾਮ-
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪਿਛਲੇ ਇੱਕ ਮਹਿਨੇ ਤੋਂ ਜੋ ਕੁਝ ਵਾਪਰ ਰਿਹਾ ਹੈ, ਉਹ ਤੁਸੀਂ ਦੇਖ ਲਿਆ। ਉਹਨਾਂ ਨੇ ਕਿਹਾ ਕਿ ਤੁਸੀਂ ਦੇਖਿਆ ਕਿ ਇੱਕ ਮਹੀਨੇ ਤੋਂ ਸਰਕਾਰਾਂ ਸਿੱਖ ਨੌਜਵਾਨਾਂ ਉੱਤੇ ਜੁਲਮ ਕਰ ਰਹੀਆਂ ਹਨ, ਜਿਸ ਨਾਲ ਉਹਨਾਂ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਸਵਾਲ ਕੇਵਲ ਗ੍ਰਿਫ਼ਤਾਰੀ ਦਾ ਨਹੀਂ ਹੈ, ਜੇਕਰ ਗ੍ਰਿਫ਼ਤਾਰੀ ਦਾ ਹੁੰਦਾ ਤਾਂ ਬਹੁਤ ਤਰੀਕੇ ਹਨ ਗ੍ਰਿਫ਼ਤਾਰ ਕਰਨ ਦੇ। ਉਹਨਾਂ ਨੇ ਕਿਹਾ ਕਿ ਇਸ ਲਈ ਅਸੀਂ ਇੱਕ ਮਹੀਨੇ ਬਾਅਦ ਫੈਸਲਾ ਲਿਆ ਹੈ ਕਿ ਹੁਣ ਗ੍ਰਿਫ਼ਤਾਰੀ ਦੇ ਦਿੱਤੀ ਜਾਵੇ।



