ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਪਿਛਲੇ 15 ਦਿਨਾਂ ਵਿਚ ਭਾਰੀ ਬਰਸਾਤਾਂ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਨਾਲ 20 ਲੱਖ ਹੈਕਟਰ ਵਿਚ ਜਿਹੜੇ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਹੋ ਗਈ ਹੈ, ਉਨ੍ਹਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਕਿਸਦੀ ਉਡੀਕ ਕਰ ਰਹੇ ਹਨ ? ਸੂਬੇ ਵਿਚ ਅੱਧੇ ਤੋਂ ਵੱਧ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਜੋ ਸਭ ਨੂੰ ਦਿਸ ਰਹੀ ਹੈ। ਖੇਤੀਬਾੜੀ ਮਾਹਿਰਾਂ ਨੇ ਵੀ ਇਸਦੀ ਪੁਸ਼ਟੀ ਕੀਤੀਹੈ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਦਿੱਲੀ ਮਾਡਲ ਅਨੁਸਾਰ ਫਸਲ ਖਰਾਬ ਹੋਣ ਉੱਤੇ ਮੁਆਵਜ਼ਾ ਦਿੱਤਾ ਜਾਵੇਗਾ ਪਰ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕਿਓ ਕੀਤਾ ਜਾ ਰਿਹਾ ਹੈ।
ਪਾਰਟੀ ਪ੍ਰਧਾਨ ਬਾਦਲ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਜਿਹੀਆਂ ਕਿਸਾਨ ਵਿਰੋਧੀ ਤੇ ਅਣਮਨੁੱਖੀ ਨੀਤੀਆਂ ਵਿਚ ਨਾ ਉਲਝੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਨਿਆਂ ਨਾ ਦਿੱਤਾ ਗਿਆ ਤਾਂ ਫਿਰ ਅਕਾਲੀ ਦਲ ਸੰਘਰਸ਼ ਵਿੱਢੇਗਾ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਖੇਤ ਮਜ਼ਦੂਰਾਂ ਲਈ ਵੀ ਮੁਆਵਜ਼ਾ ਵਧਾ ਕੇ 10 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਜਾਵੇ।
