ਚੰਡੀਗੜ੍ਹ: ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਦਿਨੋਂ-ਦਿਨ ਵੱਡੇ ਖੁਲਾਸੇ ਹੋ ਰਹੇ ਹਨ। ਹੁਣ ਅੰਮ੍ਰਿਤਪਾਲ ਅਤੇ ਉਸਦੇ ਸਾਥੀਆ ਦੀ ਫਾਇਰਿੰਗ ਰੇਂਜ ਦੀਆਂ ਤਸਵੀਰਾਂ ਸਾਹਮਣੇ ਆਈਆ ਹਨ। ਪੁਲਿਸ ਬੀਤੇ ਦਿਨੀਂ ਅੰਮ੍ਰਿਤਪਾਲ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਵੀ ਗਈ, ਜਿਥੇ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਸੀ। ਘਰ ਵਿਚੋਂ ਪੁਲਿਸ ਨੂੰ ਏਕੇਐੱਫ ਦੀ ਛਪਾਈ ਵਾਲੀਆਂ ਜੈਕਟਾਂ ਵੀ ਬਰਾਮਦ ਹੋਈਆਂ ਸਨ। ਹਾਲਾਂਕਿ ਮੀਡੀਆ ਅਦਾਰਿਆਂ ਵੱਲੋਂ ਏਕੇਐੱਫ ਨੂੰ ਅਨੰਦਪੁਰ ਖਾਲਸਾ ਫੋਰਸ, ਅਕਾਲੀ ਖਾਲਸਾ ਫੋਰਸ ਜਾਂ ਅਨੰਦਪੁਰ ਖਾਲਸਾ ਫੌਜ ਦਾ ਨਾਂ ਦੇ ਕੇ ਨਸ਼ਰ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਪੁਲਿਸ ਨੂੰ ਕੁਝ ਵੀਡੀਓਜ਼ ਮਿਲੀਆਂ ਹਨ, ਜਿਸ ਵਿਚੋਂ ਇਕ ਸ਼ੂਟਿੰਗ ਰੇਂਜ ਦੀ ਵੀਡੀਓ ਸਾਹਮਣੇ ਆਈ ਹੈ।
ਫਾਇਰਿੰਗ ਰੇਂਜ ‘ਚ ਅੰਮ੍ਰਿਤਪਾਲ ਦੀ ਫੌਜ ‘ਚ ਭਰਤੀ ਹੋਣ ਲਈ ਚੁਣੇ ਗਏ ਨੌਜਵਾਨਾਂ ਨੂੰ ਅੰਮ੍ਰਿਤਪਾਲ ਖੁਦ ਮਿਲਦਾ ਸੀ ਅਤੇ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਫਾਈਨਲ ਮਨਜ਼ੂਰੀ ਦਿੰਦਾ ਸੀ। ਉਸ ਤੋਂ ਬਾਅਦ ਹੀ ਉਸ ਦੀ ਫਾਇਰਿੰਗ ਰੇਂਜ ਵਿਚ ਸਿਖਲਾਈ ਸ਼ੁਰੂ ਕੀਤੀ ਜਾਂਦੀ ਸੀ।ਅੰਮ੍ਰਿਤਪਾਲ ਦੀ ਫੌਜ ਵਿੱਚ ਭਰਤੀ ਹੋਣ ਲਈ ਫਾਇਰਿੰਗ ਅਤੇ ਸਿਖਲਾਈ ਪੂਰੀ ਕਰਨ ਤੋਂ ਬਾਅਦ, ਨੌਜਵਾਨਾਂ ਨੂੰ ਰੈਗੂਲਰ ਫੌਜ ਦੀ ਤਰ੍ਹਾਂ ਭਰਤੀ ਕੀਤਾ ਜਾਂਦਾ ਸੀ ਅਤੇ ਉਹਨਾਂ ਨੂੰ ਅੰਮ੍ਰਿਤਪਾਲ ਦੀ ਮੁੱਖ ਫੌਜ ਵਿੱਚ ਸ਼ਾਮਲ ਕੀਤਾ ਜਾਂਦਾ ਸੀ, ਇਸ ਲਈ ਉਹਨਾਂ ਨੂੰ ਉਚਿਤ ਵਰਦੀ (ਪਹਿਰਾਵਾ) ਦਿੱਤੀ ਜਾਂਦੀ ਅਤੇ ਨਾਲ ਹੀ ਉਹਨਾਂ ਦਾ ਰੈਂਕ ਵੀ ਦੱਸਿਆ ਜਾਂਦਾ। ਰੈਂਕ ਦੇ ਹਿਸਾਬ ਨਾਲ ਅੰਮ੍ਰਿਤਪਾਲ ਦੀ ਫੌਜ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਹਥਿਆਰ ਦਿੱਤੇ ਜਾਂਦੇ, ਜੋ ਮੁੱਖ ਅਹੁਦਿਆਂ ‘ਤੇ ਤਾਇਨਾਤ ਕੀਤੇ ਜਾਂਦੇ ਸਨ,ਉਨ੍ਹਾਂ ਨੂੰ ਬੁਲੇਟ ਪਰੂਫ ਜੈਕਟਾਂ ਦਿੱਤੀਆਂ ਜਾਂਦੀਆਂ ਸਨ।
