ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਣੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ…

ਚੰਡੀਗੜ੍ਹ: ਇਨਕਲਾਬੀ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ (ਜੋ ਕਿ ਹੁਣ ਪਾਕਿਸਤਾਨ ’ਚ ਹੈ) ਵਿਖੇ ਹੋਇਆ ਸੀ। ਕਿਸ਼ਨ…

ਚੰਡੀਗੜ੍ਹ: ਇਨਕਲਾਬੀ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ (ਜੋ ਕਿ ਹੁਣ ਪਾਕਿਸਤਾਨ ’ਚ ਹੈ) ਵਿਖੇ ਹੋਇਆ ਸੀ। ਕਿਸ਼ਨ ਸਿੰਘ ਅਤੇ ਪੰਜਾਬ-ਮਾਤਾ ਵਿਦਿਆਵਤੀ ਦੇ ਤੀਜੇ ਪੁੱਤਰ ਭਗਤ ਸਿੰਘ ਦੇ ਪਰਿਵਾਰ ’ਚ ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਗ਼ਦਰ ਪਾਰਟੀ ਦੇ ਕਾਰਕੁੰਨ ਸਨ। ਭਗਤ ਸਿੰਘ ਦਾ ਝੁਕਾਅ ਸਮਾਜਵਾਦ ਵੱਲ ਕਾਫੀ ਜ਼ਿਆਦਾ ਸੀ। ਉਨ੍ਹਾਂ ਨੂੰ ਭਾਰਤ ਦੇ ਮੁੱਢਲੇ ਮਾਰਕਸਵਾਦੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਭਗਤ ਸਿੰਘ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਬਾਨੀਆਂ ’ਚੋਂ ਇਕ ਸਨ।

ਸਾਲ 1921-1922 ਵਿੱਚ ਲਾਹੌਰ ਵਿੱਚ ਦੇਸ਼ ਭਗਤਾਂ ਵੱਲੋਂ ਨੈਸ਼ਨਲ ਕਾਲਜ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਔਖੇ ਇਮਤਿਹਾਨ ਪਾਸ ਕਰਕੇ ਭਗਤ ਸਿੰਘ ਨੇ ਕਾਲਜ ਦੇ ਪਹਿਲੇ ਸਾਲ ਵਿੱਚ ਦਾਖਲਾ ਲਿਆ। ਇਥੇ ਜੈਦੇਵ ਗੁਪਤਾ ਅਤੇ ਉਨ੍ਹਾਂ ਦੀ ਕਲਾਸ ‘ਚ ਪੜ੍ਹਦੇ ਸਨ। ਭਗਤ ਸਿੰਘ ਦੇ ਸਾਥੀ ਸੁਖਦੇਵ ਤੇ ਰਾਜਗੁਰੂ ਨਾਲ ਕਾਲਜ ਦਾ ਇਹ ਸਾਥ ਫਾਂਸੀ ਦੇ ਤਖ਼ਤੇ ਤੱਕ ਗਿਆ। ਅਜਿਹੀ ਦੋਸਤੀ ਸ਼ਾਇਦ ਹੀ ਕਿਸੇ ਨੇ ਅੱਜ ਤੱਕ ਨਿਭਾਈ ਹੋਵੇ।ਸ਼ਹੀਦ ਭਗਤ ਸਿੰਘ ਮਹਾਨ ਕ੍ਰਾਂਤੀਕਾਰੀ ਸਨ ਪਰ ਉਹ ਇੱਕ ਮਹਾਨ ਵਿਦਵਾਨ ਵੀ ਸਨ। ਇੰਨੀ ਛੋਟੀ ਉਮਰ ਵਿੱਚ ਉਸ ਨੇ ਬਹੁਤ ਤਰੱਕੀ ਕੀਤੀ ਹੈ।  ਭਗਤ ਸਿੰਘ ਨੇ ਵਿਦੇਸ਼ੀ ਆਜ਼ਾਦੀ ਘੁਲਾਟੀਆਂ ਦੀਆਂ ਜੀਵਨੀਆਂ ਦਾ ਭਾਰਤੀ ਭਾਸ਼ਾ ਵਿੱਚ ਅਨੁਵਾਦ ਕੀਤਾ ਅਤੇ ਖੁਦ ਕਿਤਾਬਾਂ ਅਤੇ ਪੈਂਫਲਿਟ ਵੀ ਲਿਖੇ। 

ਭਾਰਤੀ ਸੁਤੰਤਰਤਾ ਸੰਗ੍ਰਾਮ ’ਚ ਲਾਲਾ ਲਾਜਪਤ ਰਾਏ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹ ਸਾਈਮਨ ਕਮਿਸ਼ਨ ਦੇ ਵਿਰੋਧ ’ਚ ਸ਼ਾਮਿਲ ਸਨ, ਜਿਸ ’ਚ ਲਾਠੀਚਾਰਜ ਦੌਰਾਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਤੇ 17 ਨਵੰਬਰ 1928 ਨੂੰ ਉਨ੍ਹਾਂ ਦੀ ਮੌਤ ਹੋ ਗਈ। ਭਗਤ ਸਿੰਘ ਨੇ ਸੁਖਦੇਵ, ਰਾਜਗੁਰੂ ਤੇ ਚੰਦਰ ਸ਼ੇਖ਼ਰ ਆਜ਼ਾਦ ਨਾਲ ਮਿਲ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾ ਲਈ। ਉਨ੍ਹਾਂ ਦੀ ਮੌਤ ਤੋਂ ਠੀਕ ਇਕ ਮਹੀਨੇ ਬਾਅਦ ਲਾਹੌਰ ’ਚ 17 ਦਸੰਬਰ 1928 ਨੂੰ ਰਾਜਗੁਰੂ ਤੇ ਭਗਤ ਸਿੰਘ ਨੇ ਅੰਗਰੇਜ਼ ਅਫ਼ਸਰ ਸਾਂਡਰਸ ਨੂੰ ਗੋਲ਼ੀ ਮਾਰ ਦਿੱਤੀ। ਹਾਲਾਂਕਿ ਉਨ੍ਹਾਂ ਦਾ ਨਿਸ਼ਾਨਾ ਲਾਠੀਚਾਰਜ ਕਰਵਾਉਣ ਵਾਲਾ ਜੇਮਜ਼ ਏ ਸਕਾਟ ਸੀ ਪਰ ਪਛਾਣ ’ਚ ਨਾ ਆਉਣ ਕਰਕੇ ਸਾਂਡਰਸ ਦੀ ਹੱਤਿਆ ਹੋ ਗਈ।

ਸਾਂਡਰਸ ਕਤਲ ਕੇਸ ਦੀ ਸੁਣਵਾਈ 10 ਜੁਲਾਈ 1929 ਨੂੰ ਜੇਲ੍ਹ ਵਿੱਚ ਹੀ ਵਿਸ਼ੇਸ਼ ਮੈਜਿਸਟਰੇਟ ਦੀ ਅਦਾਲਤ ਵਿੱਚ ਸ਼ੁਰੂ ਹੋਈ। ਇਸ ਮਾਮਲੇ ਵਿੱਚ 25 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਜੱਜਾਂ ਦੇ ਟ੍ਰਿਬਿਊਨਲ ਨੇ 7 ਅਕਤੂਬਰ 1930 ਨੂੰ ਆਪਣਾ ਫੈਸਲਾ ਸੁਣਾਉਂਦਿਆਂ ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਮ ਰਾਜਗੁਰੂ ਨੂੰ ਮੌਤ ਦੀ ਸਜ਼ਾ ਸੁਣਾਈ।
ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਫਾਂਸੀ ਦੀ ਤਰੀਕ 24 ਮਾਰਚ, 1931 ਤੈਅ ਕੀਤੀ ਗਈ ਸੀ ਪਰ 23 ਮਾਰਚ ਦੀ ਸਵੇਰ ਤੋਂ ਹੀ ਜੇਲ੍ਹ ਦੇ ਗੇਟ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਜਨਤਕ ਬਗਾਵਤ ਦੇ ਡਰੋਂ, ਬ੍ਰਿਟਿਸ਼ ਸਰਕਾਰ ਨੇ ਇੱਕ ਦਲੇਰਾਨਾ ਕਦਮ ਚੁੱਕਿਆ ਅਤੇ 23 ਮਾਰਚ, 1931 ਨੂੰ ਸ਼ਾਮ 7:30 ਵਜੇ ਇਹਨਾਂ ਤਿੰਨੇ ਇਨਕਲਾਬੀਆਂ ਨੂੰ ਫਾਂਸੀ ਦੇ ਦਿੱਤੀ।

Leave a Reply

Your email address will not be published. Required fields are marked *