ਚੰਡੀਗੜ੍ਹ: ਪੰਜਾਬ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ ਹਨ। ਆਈਜੀ ਗਿੱਲ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਫਲੈਗ ਮਾਰਚ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
5 ਸਾਥੀਆਂ ਉੱਤੇ ਐੱਨਐੱਸਏ ਐਕਟ
ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਅਮਨ ਕਾਨੂੰਨ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਮੀਡੀਆ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਤੱਥ ਚੈਕ ਕਰਕੇ ਖ਼ਬਰਾਂ ਲਗਾਈਆਂ ਜਾਣ। ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਖਿਲਾਫ ਹੁਣ ਤੱਕ 6 ਐਫਆਈਆਰ ਦਰਜ ਕੀਤੀਆਂ ਗਈਆਂ ਹਨ। 114 ਲੋਕਾਂ ਨੂੰ ਰਾਊਂਡਅਪ ਕੀਤਾ ਗਿਆ ਹੈ। ਆਈਜੀ ਹੈਡ ਕੁਆਟਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ’ਤੇ ਨੈਸ਼ਨਲ ਸਕਿਓਰਿਟੀ ਐਕਟ ਲਗਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਫੜੇ ਗਈ ਉਸ ਦੇ 5 ਸਾਥੀਆਂ ’ਤੇ ਵੀ ਐੱਨਐੱਸਏ ਐਕਟ ਲਗਾਇਆ ਗਿਆ ਹੈ।
ਐੱਨਐੱਸਏ ਐਕਟ
ਪੁਲਿਸ ਨੇ ਅੰਮ੍ਰਿਤਪਾਲ ਦੇ ਜਿਨ੍ਹਾਂ ਪੰਜ ਸਾਥੀਆਂ ’ਤੇ ਐਨਐਸਏ ਲਗਾਇਆ ਗਿਆ ਉਨ੍ਹਾਂ ਵਿਚ ਦਲਜੀਤ ਸਿੰਘ ਕਲਸੀ, ਹਰਜੀਤ ਸਿੰਘ, ਬਸੰਤ ਸਿੰਘ, ਪ੍ਰਧਾਨ ਮੰਤਰੀ ਬਾਜੇਕੇ ਹਨ। ਹੁਣ ਤਕ ਪੁਲਿਸ ਨੇ 112 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਪਾਲ ਦੇ ਸਾਥੀਆਂ ਤੋਂ ਗੈਰ ਕਾਨੂੰਨੀ ਹਥਿਆਰ ਵੀ ਫੜੇ ਗਏ ਹਨ। ਇਨ੍ਹਾਂ ਵਿਚੋਂ ਕੁਝ ਸਾਥੀਆਂ ਨੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਭੇਜਿਆ ਗਿਆ ਹੈ।
ਜਾਣੋ ਕੀ ਹੈ ਐੱਨਐੱਸਏ
ਰਾਸ਼ਟਰੀ ਸੁਰੱਖਿਆ ਐਕਟ ਭਾਰਤੀ ਸੰਸਦ ਵੱਲੋਂ 23 ਸਤੰਬਰ 1980 ਨੂੰ ਜਾਰੀ ਕੀਤਾ ਗਿਆ ਸੀ। ਇਸ ਕਾਨੂੰਨ ਮੁਤਾਬਕ ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਲਈ ਹਿਰਾਸਤ ਵਿਚ ਲੈ ਸਕਦੀ ਹੈ। ਇਸ ਦੇ ਨਾਲ ਹੀ ਡੀਸੀ ਦੇ ਆਰਡਰ ’ਤੇ ਜਨਤਕ ਵਿਵਸਥਾ ਵਿਚ ਵਿਘਨ ਪਾਉਣ ਤੋਂ ਰੋਕਣ ਲਈ ਕਿਸੇ ਵੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਜਾ ਸਕਦਾ ਹੈ। ਨਜ਼ਰਬੰਦ ਰੱਖਣ ਦੀ ਮਿਆਦ 12 ਮਹੀਨੇ ਹਨ। ਇਸ ਸਮੇਂ ਦੌਰਾਨ ਨਾ ਕੋਈ ਕਾਨੂੰਨੀ ਮਦਦ ਮਿਲੇਗੀ ਤੇ ਨਾ ਹੀ ਜ਼ਮਾਨਤ ਲਈ ਅਦਾਲਤ ਵਿਚ ਪੇਸ਼ ਕਰਨ ਦੀ ਲੋੜ ਹੁੰਦੀ ਹੈ।



