ਅੰਮ੍ਰਿਤਸਰ: ਅੰਮ੍ਰਿਤਸਰ ‘ਚ ਅੱਜ ਤੋਂ ਜੀ20 ਸੰਮੇਲਨ ਦੀ ਸ਼ੁਰੂਆਤ ਹੋ ਗਈ ਹੈ। ਜੀ20 ਸੰਮੇਲਨ ਅੱਜ ਤੋਂ 17 ਮਾਰਚ ਤੱਕ ਚੱਲੇਗਾ। ਜ਼ਿਕਰਯੋਗ ਹੈ ਕਿ ਇਸ ਸੰਮੇਲਨ ’ਚ ਸਿੱਖਿਆ ਦੇ ਮੁੱਦੇ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ।
ਅੰਮ੍ਰਿਤਸਰ ‘ਚ 15 ਤੋਂ 17 ਮਾਰਚ ਤੱਕ ਹੋਣ ਵਾਲੀ ਜੀ-20 ਕਾਨਫਰੰਸ ਲਈ ਵਿਦੇਸ਼ੀ ਡੈਲੀਗੇਟ ਪਹੁੰਚ ਚੁੱਕੇ ਹਨ। ਸਾਰੇ ਡੈਲੀਗੇਟਾਂ ਦਾ ਏਅਰਪੋਰਟ ‘ਤੇ ਭੰਗੜੇ ਅਤੇ ਗਿੱਧੇ ਨਾਲ ਸਵਾਗਤ ਕੀਤਾ ਗਿਆ। ਇੰਨਾ ਹੀ ਨਹੀਂ, ਹਰ ਆਉਣ ਵਾਲੇ ਪੁਰਸ਼ ਡੈਲੀਗੇਟ ਨੂੰ ਦਸਤਾਰ ਸਜਾਉਣ ਦੀ ਵਿਵਸਥਾ ਕੀਤੀ ਗਈ, ਜਦਕਿ ਮਹਿਲਾ ਵਫ਼ਦ ਨੂੰ ਫੁਲਕਾਰੀ ਵੀ ਭੇਟ ਕੀਤੀ ਗਈ।
ਸੁਰੱਖਿਆਂ ਦੇ ਸਖ਼ਤ ਪ੍ਰਬੰਧ
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਪੰਜਾਬੀ ਰੂਪ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ‘ਵਸੁਧੈਵ ਕੁਟੁੰਬਕਮ’ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਅੰਮ੍ਰਿਤਸਰ ਪਹੁੰਚ ਗਏ ਹਨ। ਉਨ੍ਹਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਖ਼ਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਸੀ।
ਸਿੱਖਿਆ ‘ਤੇ ਹੋਵੇਗੀ ਚਰਚਾ
ਜੀ-20 ਦੀਆਂ ਦੋ ਮੀਟਿੰਗਾਂ ਪੰਜਾਬ ਦੇ ਅੰਮ੍ਰਿਤਸਰ ਵਿੱਚ 15 ਤੋਂ 17 ਮਾਰਚ ਅਤੇ ਫਿਰ 19-20 ਮਾਰਚ ਨੂੰ ਹੋਣੀਆਂ ਹਨ। 15 ਤੋਂ 17 ਮਾਰਚ ਤੱਕ ਸਿੱਖਿਆ ਦੇ ਵਿਸ਼ੇ ‘ਤੇ ਅਤੇ 19 ਤੋਂ 20 ਮਾਰਚ ਤੱਕ ਕਿਰਤ ਦੇ ਵਿਸ਼ੇ ‘ਤੇ ਮੀਟਿੰਗ ਕੀਤੀ ਜਾ ਰਹੀ ਹੈ | ਅਗਲੇ ਤਿੰਨ ਦਿਨਾਂ ਤੱਕ ਸਿੱਖਿਆ ਵਿੱਚ ਸੁਧਾਰ ਅਤੇ ਨਵੀਨਤਮ ਤਕਨੀਕਾਂ ਬਾਰੇ ਵਿਚਾਰ ਦਿੱਤੇ ਜਾਣਗੇ।



