ਨਵੀਂ ਦਿੱਲੀ- ਇੱਕ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਖਾਣਾ ਖਾਣ ਤੋਂ ਬਾਅਦ ਕੁਝ ਦੇਰ ਸੈਰ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ। ਸਪੋਰਟਸ ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ, ਖੋਜਕਰਤਾਵਾਂ ਨੇ ਸੱਤ ਵੱਖ-ਵੱਖ ਅਧਿਐਨਾਂ ਦਾ ਵਿਸ਼ਲੇਸ਼ਣ ਕੀਤਾ ਕਿ ਕਿਸ ਤਰ੍ਹਾਂ ਲੰਬੇ ਸਮੇਂ ਤੱਕ ਬੈਠਣ ਦੀ ਬਜਾਏ ਖੜ੍ਹੇ ਹੋਣ ਅਤੇ ਸੈਰ ਕਰਨ ਵਰਗੀਆਂ ਹਲਕੇ ਸਰੀਰਕ ਗਤੀਵਿਧੀਆਂ, ਇਨਸੁਲਿਨ ਅਤੇ ਬਲੱਡ ਸ਼ੂਗਰ ਦੇ ਪੱਧਰ ਸਮੇਤ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ।
ਖੋਜ ਦੇ ਨਤੀਜਿਆਂ ਨੂੰ ਦੇਖਦੇ ਹੋਏ ਖੋਜਕਰਤਾਵਾਂ ਨੇ ਸੁਝਾਅ ਦਿੱਤਾ ਕਿ ਦੁਪਹਿਰ ਜਾਂ ਰਾਤ ਦੇ ਖਾਣੇ ਤੋਂ ਬਾਅਦ ਬੈਠਣ ਜਾਂ ਲੇਟਣ ਦੀ ਬਜਾਏ 2 ਤੋਂ 5 ਮਿੰਟ ਦੀ ਹਲਕੀ ਸੈਰ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਸੁਧਾਰਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਥੋੜੀ ਦੇਰ ਖੜ੍ਹੇ ਹੋਵੋ ਤਾਂ ਵੀ ਬਲੱਡ ਸ਼ੂਗਰ ਦਾ ਪੱਧਰ ਘੱਟ ਸਕਦਾ ਹੈ। ਇਸ ਅਧਿਐਨ ਦੇ ਲੇਖਕ ਏਡਨ ਬਫੇ ਨੇ ਸਿਹਤ ਵੈੱਬਸਾਈਟ ਨੂੰ ਦੱਸਿਆ, ‘ਹਲਕੀਆਂ ਗਤੀਵਿਧੀਆਂ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੀਆਂ ਹਨ।’
ਹਲਕੀਆਂ ਗਤੀਵਿਧੀਆਂ ਬਲੱਡ ਸ਼ੂਗਰ ਦੇ ਪੱਧਰ ਨੂੰ ਕਿਵੇਂ ਘਟਾ ਸਕਦੀਆਂ ਹਨ?
ਜਦੋਂ ਵੀ ਤੁਸੀਂ ਕੁਝ ਖਾਂਦੇ ਹੋ – ਖਾਸ ਤੌਰ ‘ਤੇ ਹਾਈ ਕਾਰਬੋਹਾਈਡਰੇਟ ਵਾਲਾ ਭੋਜਨ ਖਾਣ ਨਾਲ ਸਰੀਰ ਵਿੱਚ ਬਲੱਡ ਸ਼ੂਗਰ ਦਾ ਪੱਧਰ ਅਚਾਨਕ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸਨੂੰ ਪੋਸਟਪ੍ਰੈਂਡੀਅਲ ਸਪਾਈਕ ਵਜੋਂ ਜਾਣਿਆ ਜਾਂਦਾ ਹੈ। ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਵਿੱਚ ਅਚਾਨਕ ਵਾਧਾ ਇਨਸੁਲਿਨ ਨਾਮਕ ਇੱਕ ਹਾਰਮੋਨ ਨੂੰ ਛੱਡਦਾ ਹੈ, ਜੋ ਖੂਨ ਰਾਹੀਂ ਗਲੂਕੋਜ਼ ਨੂੰ ਸੈੱਲਾਂ ਵਿੱਚ ਭੇਜਦਾ ਹੈ ਤਾਂ ਜੋ ਇਸਨੂੰ ਊਰਜਾ ਲਈ ਵਰਤਿਆ ਜਾ ਸਕੇ।
ਪਰ ਬਲੱਡ ਸ਼ੂਗਰ ਦੇ ਪੱਧਰ ਅਤੇ ਇਨਸੁਲਿਨ ਵਿਚਕਾਰ ਇਹ ਸੰਤੁਲਨ ਬਹੁਤ ਨਾਜ਼ੁਕ ਹੈ ਅਤੇ ਕੰਟਰੋਲ ਤੋਂ ਬਾਹਰ ਹੋ ਸਕਦਾ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (ਸੀਡੀਸੀ) ਦੇ ਅਨੁਸਾਰ, ਜੇ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੁੰਦਾ ਹੈ, ਤਾਂ ਸੈੱਲ ਇਨਸੁਲਿਨ ਪ੍ਰਤੀ ਜਵਾਬ ਦੇਣਾ ਬੰਦ ਕਰ ਸਕਦੇ ਹਨ ਅਤੇ ਇਨਸੁਲਿਨ ਪ੍ਰਤੀਰੋਧੀ ਬਣ ਸਕਦੇ ਹਨ। ਜਿਸ ਨਾਲ ਪ੍ਰੀ-ਡਾਇਬਟੀਜ਼ ਜਾਂ ਟਾਈਪ 2 ਸ਼ੂਗਰ ਹੋ ਸਕਦੀ ਹੈ।
ਅਜਿਹੇ ‘ਚ ਇਸ ਨਵੇਂ ਅਧਿਐਨ ਦੇ ਲੇਖਕ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਖਾਣੇ ਤੋਂ ਬਾਅਦ ਹਲਕੀ ਸੈਰ ਕਰਦੇ ਹੋ ਤਾਂ ਇਸ ਨਾਲ ਬਲੱਡ ਸ਼ੂਗਰ ਦਾ ਪੱਧਰ ਘੱਟ ਹੋ ਸਕਦਾ ਹੈ, ਜਿਸ ਨਾਲ ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ।
ਖੋਜਕਰਤਾਵਾਂ ਨੇ ਪਾਇਆ ਕਿ ਖਾਣੇ ਤੋਂ ਬਾਅਦ ਬੈਠਣ ਦੀ ਬਜਾਏ ਥੋੜੀ ਦੇਰ ਲਈ ਸੈਰ ਕਰਨ ਜਾਂ ਖੜ੍ਹੇ ਰਹਿਣ ਨਾਲ ਗਲੂਕੋਜ਼ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ। ਪਰ, ਇਸ ਅਧਿਐਨ ਦੇ ਲੇਖਕ ਦੇ ਅਨੁਸਾਰ, ਹਲਕੀ ਸੈਰ ਕਰਨਾ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ, ਇਹ ਭੋਜਨ ਤੋਂ ਬਾਅਦ ਇਨਸੁਲਿਨ ਦੇ ਪੱਧਰ ਨੂੰ ਵੀ ਸੁਧਾਰਦਾ ਹੈ।
ਅੰਤ ਵਿੱਚ ਖੋਜਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ ਖਾਣੇ ਤੋਂ ਬਾਅਦ ਹਲਕੀ ਸੈਰ ਕਰਨ ਨਾਲ ਨਾ ਸਿਰਫ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ, ਬਲਕਿ ਇਨਸੁਲਿਨ ਦੇ ਪੱਧਰ ਨੂੰ ਵੀ ਬਰਕਰਾਰ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਅਧਿਐਨ ਦੇ ਲੇਖਕ ਨੇ ਇਹ ਵੀ ਕਿਹਾ ਕਿ ਦਿਨ ਭਰ ਵਿਚ ਥੋੜ੍ਹੇ ਸਮੇਂ ਵਿਚ ਸੈਰ ਕਰਨਾ ਵੀ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਬਫੇਟ ਨੇ ਇਹ ਵੀ ਕਿਹਾ ਕਿ ਹੋ ਸਕੇ ਤਾਂ ਦਿਨ ਭਰ ਬੈਠਣ ਦਾ ਸਮਾਂ ਘਟਾਓ। ਜੇਕਰ ਤੁਹਾਡਾ ਕੰਮ ਬੈਠ ਕੇ ਕਰਨਾ ਹੈ ਤਾਂ ਹਰ 20 ਤੋਂ 30 ਮਿੰਟ ਬਾਅਦ ਉੱਠੋ ਅਤੇ ਥੋੜ੍ਹੀ ਜਿਹੀ ਸੈਰ ਕਰੋ।
ਇਨ੍ਹਾਂ ਤਰੀਕਿਆਂ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ
ਸ਼ੂਗਰ ਦੇ ਖ਼ਤਰੇ ਨੂੰ ਘਟਾਉਣ ਲਈ ਬਲੱਡ ਸ਼ੂਗਰ ਦੇ ਪੱਧਰ ਦਾ ਪ੍ਰਬੰਧਨ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਜੇਕਰ ਤੁਹਾਨੂੰ ਡਾਇਬਟੀਜ਼ ਦੀ ਸਮੱਸਿਆ ਹੈ ਤਾਂ ਵੀ ਬਲੱਡ ਸ਼ੂਗਰ ਲੈਵਲ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਕਾਰਨ ਤੁਹਾਨੂੰ ਨਜ਼ਰ ਦੀ ਕਮੀ, ਹਾਰਟ ਅਟੈਕ, ਸਟ੍ਰੋਕ ਅਤੇ ਕਿਡਨੀ ਦੀ ਬੀਮਾਰੀ ਦਾ ਸਾਹਮਣਾ ਨਾ ਕਰਨਾ ਪਵੇ।
ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ ਦੇ ਹੈਲਥ ਕੇਅਰ ਪ੍ਰੋਗਰਾਮ ਦੀ ਉਪ ਪ੍ਰਧਾਨ ਲੌਰਾ ਹਿਰੋਨੀਮਸ ਨੇ ਕਿਹਾ ਕਿ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਮੈਨੇਜ ਕਰਨ ਨਾਲ ਤੁਹਾਨੂੰ ਭਵਿੱਖ ਵਿੱਚ ਡਾਇਬਟੀਜ਼ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਲੌਰਾ ਨੇ ਇਹ ਵੀ ਦੱਸਿਆ ਕਿ ਦਿਨ ਭਰ ਬਲੱਡ ਸ਼ੂਗਰ ਲੈਵਲ ਨੂੰ ਬਣਾਈ ਰੱਖਣ ਨਾਲ ਐਨਰਜੀ ਲੈਵਲ ਵੀ ਵਧਦਾ ਹੈ।
ਸੀਡੀਸੀ ਦੇ ਅਨੁਸਾਰ, ਦਿਨ ਭਰ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਬਣਾਈ ਰੱਖਣ ਲਈ, ਬਹੁਤ ਸਾਰੇ ਫਲ ਅਤੇ ਸਬਜ਼ੀਆਂ ਦੇ ਨਾਲ ਇੱਕ ਸਿਹਤਮੰਦ ਖੁਰਾਕ ਖਾਣਾ, ਇੱਕ ਸਿਹਤਮੰਦ ਵਜ਼ਨ ਬਣਾਈ ਰੱਖਣਾ, ਅਤੇ ਨਿਯਮਤ ਸਰੀਰਕ ਗਤੀਵਿਧੀ ਵਿੱਚ ਹਿੱਸਾ ਲੈਣਾ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ-
* ਆਪਣੇ ਬਲੱਡ ਸ਼ੂਗਰ ਦੇ ਪੱਧਰ ‘ਤੇ ਨਜ਼ਰ ਰੱਖੋ।
* ਦਿਨ ਭਰ ਕੁਝ ਨਾ ਕੁਝ ਖਾਂਦੇ ਰਹੋ, ਭੁੱਖੇ ਰਹਿਣ ਦੀ ਗਲਤੀ ਨਾ ਕਰੋ।
* ਜੂਸ, ਸੋਡਾ ਜਾਂ ਅਲਕੋਹਲ ਦੀ ਬਜਾਏ ਪਾਣੀ ਪੀਓ।



