ਆਸ਼ੂ ਦੀ ਲੁਧਿਆਣਾ ਦੀ ਅਦਾਲਤ ‘ਚ ਪੇਸ਼ੀ: ਦੇਰ ਰਾਤ ਵਿਗੜੀ ਸਿਹਤ, ਵਿਜੀਲੈਂਸ ਦੀ ਕਾਰਵਾਈ ਖ਼ਿਲਾਫ਼ ਕਾਂਗਰਸੀਆਂ ਦਾ ਹੰਗਾਮਾ

ਲੁਧਿਆਣਾ- ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਅੱਜ ਅਦਾਲਤ ਵਿੱਚ ਪੇਸ਼ ਕਰੇਗੀ। ਆਸ਼ੂ ਨੂੰ ਸੋਮਵਾਰ ਨੂੰ…

ਲੁਧਿਆਣਾ- ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਅੱਜ ਅਦਾਲਤ ਵਿੱਚ ਪੇਸ਼ ਕਰੇਗੀ। ਆਸ਼ੂ ਨੂੰ ਸੋਮਵਾਰ ਨੂੰ ਸੈਲੂਨ ਤੋਂ ਵਾਲ ਕਟਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਦੇਰ ਰਾਤ ਵਿਜੀਲੈਂਸ ਦਫ਼ਤਰ ਵਿੱਚ ਆਸ਼ੂ ਦੀ ਸਿਹਤ ਵੀ ਵਿਗੜ ਗਈ ਸੀ। ਉਨ੍ਹਾਂ ਨੂੰ ਮੁਢਲੀ ਸਹਾਇਤਾ ਵੀ ਦਿੱਤੀ ਗਈ। ਗੁਰਪ੍ਰੀਤ ਸਿੰਘ ਨੇ ਆਸ਼ੂ ਵਿਰੁੱਧ ਸਟੇਟ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਸੀ ਕਿ ਆਸ਼ੂ ਨੇ ਆਪਣੇ ਕੁਝ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਟੈਂਡਰ ਵੰਡਣ ਵਿੱਚ ਘੋਟਾਲਾ ਕੀਤਾ ਸੀ।

ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਨੇ ਆਸ਼ੂ ਵਿਰੁੱਧ ਧਾਰਾ 420, 409, 467, 468, 471, 120-ਬੀ ਆਈਪੀਸੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7,8,12,13 ਦੇ ਤਹਿਤ ਆਸ਼ੂ ਥਾਣਾ ਲੁਧਿਆਣਾ ਵਿਖੇ ਐਫ.ਆਈ.ਆਰ. ਦਰਜ ਕੀਤੀ ਸੀ। ਇਸ ਮਾਮਲੇ ਵਿੱਚ ਠੇਕੇਦਾਰਾਂ ਦੇ ਨਾਂ ਤੇਲੂ ਰਾਮ, ਜਗਰੂਪ ਸਿੰਘ ਅਤੇ ਸੰਦੀਪ ਭਾਟੀਆ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ/ਭਾਗੀਦਾਰ ਹਨ। ਠੇਕੇਦਾਰ ਤੇਲੂਰਾਮ ਪੁਲਿਸ ਹਿਰਾਸਤ ਵਿੱਚ ਹੈ, ਜਿਸ ਤੋਂ ਪੁੱਛਗਿੱਛ ਵਿੱਚ ਭਾਰਤ ਭੂਸ਼ਣ ਆਸ਼ੂ ਦਾ ਨਾਂ ਸਾਹਮਣੇ ਆਇਆ ਹੈ।

ਤੇਲੂਰਾਮ ਨੇ ਵਿਜੀਲੈਂਸ ਦੇ ਸਾਹਮਣੇ ਭੇਤ ਖੋਲ੍ਹੇ
ਤੇਲੂ ਰਾਮ ਪੁਲਿਸ ਰਿਮਾਂਡ ‘ਤੇ ਹੈ। ਵਿਜੀਲੈਂਸ ਨੂੰ ਤੇਲੂ ਰਾਮ ਵੱਲੋਂ ਦੱਸਿਆ ਗਿਆ ਹੈ ਕਿ ਉਹ ਸੀਜ਼ਨ 2020-21 ਦੇ ਟੈਂਡਰ ਲੈਣ ਲਈ ਭਾਰਤ ਭੂਸ਼ਣ ਆਸ਼ੂ ਨੂੰ ਉਨ੍ਹਾਂ ਦੇ ਪੀ.ਏ. ਮੀਨੂੰ ਮਲਹੋਤਰਾ ਰਾਹੀਂ ਮਿਲਿਆ ਸੀ, ਜਿਸ ਨੇ ਉਸ ਨੂੰ ਰਾਕੇਸ਼ ਕੁਮਾਰ ਸਿੰਗਲਾ, ਡਿਪਟੀ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈਜ਼ ਨੂੰ ਮਿਲਣ ਲਈ ਕਿਹਾ ਸੀ। ਸਿੰਗਲਾ, ਟੈਂਡਰਾਂ ਲਈ ਵਿਭਾਗੀ ਮੁੱਖ ਵਿਜੀਲੈਂਸ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਪੂਰੇ ਪੰਜਾਬ ਦੇ ਇੰਚਾਰਜ ਸਨ ਅਤੇ ਸਾਬਕਾ ਮੰਤਰੀ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ।

ਸਾਬਕਾ ਮੰਤਰੀ ਆਸ਼ੂ ਨੇ 30 ਲੱਖ ਦੀ ਮੰਗ ਕੀਤੀ
ਤੇਲੂਰਾਮ ਨੇ ਵਿਜੀਲੈਂਸ ਨੂੰ ਦੱਸਿਆ ਕਿ ਜਦੋਂ ਸਿੰਗਲਾ ਮਿਲਿਆ ਤਾਂ ਉਸ ਨੇ ਸਾਬਕਾ ਮੰਤਰੀ ਦੀ ਤਰਫੋਂ 30 ਲੱਖ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਉਸ ਨੇ ਸਿੰਗਲਾ ਨੂੰ 20 ਲੱਖ ਰੁਪਏ, ਮੀਨੂੰ ਮਲਹੋਤਰਾ ਅਤੇ ਹੋਰ ਅਧਿਕਾਰੀਆਂ ਨੂੰ 6 ਲੱਖ ਰੁਪਏ ਵੱਖ-ਵੱਖ ਦਿਨ ਦਿੱਤੇ। ਵਿਜੀਲੈਂਸ ਅਨੁਸਾਰ ਉਕਤ ਖੁਲਾਸੇ ਦੇ ਨਾਲ-ਨਾਲ ਸਬੂਤਾਂ ਦੇ ਆਧਾਰ ‘ਤੇ ਉਕਤ ਦੋਸ਼ੀ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਨਾਮਜ਼ਦ ਕੀਤਾ ਗਿਆ।

ਮੁਲਜ਼ਮਾਂ ਦੀਆਂ ਜਾਇਦਾਦਾਂ ਦਰਜ ਕੀਤੀਆਂ ਜਾ ਰਹੀਆਂ
ਵਿਜੀਲੈਂਸ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਤੇਲੂਰਾਮ ਨੇ ਪਿਛਲੇ ਸਮੇਂ ਦੌਰਾਨ ਕਰੀਬ 20 ਏਕੜ ਜ਼ਮੀਨ ਖਰੀਦੀ ਹੈ ਅਤੇ ਮੀਨੂੰ ਮਲਹੋਤਰਾ ਨੇ ਵੀ ਕਈ ਜਾਇਦਾਦਾਂ ਬਣਾਈਆਂ ਹਨ। ਇਸ ਸਬੰਧੀ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ। ਰਾਕੇਸ਼ ਕੁਮਾਰ ਸਿੰਗਲਾ ਦੀ ਤਾਇਨਾਤੀ ਸਬੰਧੀ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਉਸ ਵੱਲੋਂ ਬਣਾਈਆਂ ਜਾਇਦਾਦਾਂ ਦੀ ਵੀ ਜਾਂਚ ਕੀਤੀ ਜਾਵੇਗੀ।

ਤੇਲੂਰਾਮ ਦੇ 4 ਕਲੱਸਟਰ ਸਨ
ਇਸ ਘੁਟਾਲੇ ਦੀ ਕਾਰਜਪ੍ਰਣਾਲੀ ਦਾ ਖੁਲਾਸਾ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਕਲੱਸਟਰ ਅਨੁਸਾਰ ਟੈਂਡਰ ਮੰਗੇ ਗਏ ਸਨ, ਜਿਸ ਵਿੱਚ ਮੰਡੀਆਂ ਦੇ ‘ਏ’ ਗਰੁੱਪ ਦਾ ਕੰਮ ਅਤੇ ਸਾਰੀਆਂ ਖਰੀਦ ਏਜੰਸੀਆਂ ਨੂੰ ਕਲੱਸਟਰ ਵਾਈਜ਼ ਅਤੇ ਇੱਕ ਖਾਸ ਖੇਤਰ ਵਿੱਚ ਮੋਹਰੀ ਮੰਡੀਆਂ ਅਲਾਟ ਕੀਤੀਆਂ ਗਈਆਂ ਸਨ। ਨਾਮ ਕਲੱਸਟਰਾਂ ਦੇ ਨਾਮ ਵਜੋਂ ਵਰਤੇ ਗਏ ਸਨ। ਲੁਧਿਆਣਾ ਵਿੱਚ ਤੇਲੂ ਰਾਮ ਦੇ 4 ਕਲੱਸਟਰ ਸਨ, ਜਿਸ ਵਿੱਚ ਜੋਧਾਂ, ਮੁੱਲਾਂਪੁਰ, ਰਾਏਕੋਟ ਅਤੇ ਪਾਇਲ ਸਮੇਤ 34 ਅਨਾਜ ਮੰਡੀਆਂ ਸ਼ਾਮਲ ਹਨ। ਤੇਲੂਰਾਮ ਦਾ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਜ਼ਿਲ੍ਹਾ ਰੋਪੜ ਵਿੱਚ ਤਲਵੰਡੀ ਭਾਈ ਵਿਖੇ ਇੱਕ ਕਲੱਸਟਰ ਸੀ।

ਮਿਲੀਭੁਗਤ ਨਾਲ ਘੋਟਾਲਾ
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਤੇਲੂਰਾਮ ਨੇ ਉਕਤ ਕੰਮ ਲਈ ਕਰੀਬ 25 ਕਰੋੜ ਰੁਪਏ ਦੀ ਰਕਮ ਲਈ ਸੀ। ਮੁਲਜ਼ਮਾਂ ਵੱਲੋਂ ਟੈਂਡਰ ਪ੍ਰਾਪਤ ਕਰਨ ਲਈ ਜਮ੍ਹਾਂ ਕਰਵਾਈਆਂ ਗਈਆਂ ਗੱਡੀਆਂ ਦੀਆਂ ਸੂਚੀਆਂ ਵਿੱਚ ਕਾਰਾਂ, ਸਕੂਟਰ, ਮੋਟਰ ਸਾਈਕਲਾਂ ਆਦਿ ਦੇ ਰਜਿਸਟ੍ਰੇਸ਼ਨ ਨੰਬਰ ਸਨ, ਜਦੋਂ ਕਿ ਉਨ੍ਹਾਂ ਨੇ ਮਾਲ ਗੱਡੀਆਂ ਦੀਆਂ ਸੂਚੀਆਂ ਦੀ ਪੜਤਾਲ ਕਰਨੀ ਸੀ। ਪੁਸ਼ਟੀ ਹੋਣ ਤੋਂ ਬਾਅਦ ਜ਼ਿਲ੍ਹਾ ਟੈਂਡਰ ਕਮੇਟੀ ਵੱਲੋਂ ਤਕਨੀਕੀ ਬੋਲੀ ਨੂੰ ਰੱਦ ਕਰਨਾ ਜ਼ਰੂਰੀ ਸੀ ਪਰ ਉਨ੍ਹਾਂ ਨੇ ਮਿਲੀਭੁਗਤ ਨਾਲ ਟੈਂਡਰ ਅਲਾਟ ਕਰ ਦਿੱਤੇ।

ਉਨ੍ਹਾਂ ਦੱਸਿਆ ਕਿ ਗੇਟ ਪਾਸਾਂ ‘ਤੇ ਸਕੂਟਰਾਂ, ਕਾਰਾਂ ਆਦਿ ਦੇ ਨੰਬਰ ਵੀ ਲਿਖੇ ਹੋਏ ਸਨ ਪਰ ਉਕਤ ਅਧਿਕਾਰੀਆਂ ਨੇ ਇਨ੍ਹਾਂ ਗੇਟ ਪਾਸਾਂ ‘ਚ ਦਰਜ ਮਟੀਰੀਅਲ ਦੀ ਅਦਾਇਗੀ ਠੇਕੇਦਾਰਾਂ ਨੂੰ ਕਰ ਦਿੱਤੀ, ਜਿਸ ਨਾਲ ਅਨਾਜ ਦੀ ਚੋਰੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ | ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਘੁਟਾਲੇ ਵਿੱਚ ਹੋਰਾਂ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕੀਤੀ ਜਾਵੇਗੀ।

Leave a Reply

Your email address will not be published. Required fields are marked *