ਚੰਡੀਗੜ੍ਹ- ਸਾਬਕਾ ਕਾਂਗਰਸੀ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਗਿਲਜੀਆਂ ਨੂੰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦਲਜੀਤ ਨੂੰ ਚਾਚਾ ਦੇ ਨਾਲ ਕਰੱਪਸ਼ਨ ਕੇਸ ਵਿਚ ਨਾਮਜ਼ਦ ਕੀਤਾ ਗਿਆ। ਜਿਸ ਤੋਂ ਬਾਅਦ ਚੰਡੀਗੜ੍ਹ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਸ਼ੁਰੂਆਤੀ ਜਾਂਚ ਵਿਚ ਉਸ ਦੇ ਘਰ ਵਿਚ ਐੱਮ.ਐੱਲ.ਏ. ਸਟੀਕਰ ਵਾਲੀ ਕਾਰ ਮਿਲੀ। ਇਹ ਕਾਰ ਦਲਜੀਤ ਦੇ ਨਾਂ ‘ਤੇ ਹੈ। ਇਸੇ ਕਾਰ ਤੋਂ ਵਿਜੀਲੈਂਸ ਬਿਊਰੋ ਨੂੰ ਸਾਬਕਾ ਮੰਤਰੀ ਸੰਗਤ ਗਿਲਜੀਆਂ ਦੀ ਚੈੱਕ ਬੁੱਕ ਅਤੇ ਜੰਗਲਾਤ ਵਿਭਾਗ ਨਾਲ ਜੁੜੀਆਂ ਫਾਈਲਾਂ ਵੀ ਮਿਲੀਆਂ ਹਨ। ਜਿਸ ਤੋਂ ਬਾਅਦ ਦਲਜੀਤ ਦਾ ਪੁਲਿਸ ਰਿਮਾਂਡ ਹੋਰ ਵੱਧ ਸਕਦਾ ਹੈ।
ਵਿਜੀਲੈਂਸ ਬਿਊਰੋ ਨੇ ਹੁਣ ਸਾਬਕਾ ਮੰਤਰੀ ਸੰਗਤ ਗਿਲਜੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗਿਲਜੀਆਂ ਕੇਸ ਦਰਜ ਹੋਣ ਤੋਂ ਬਾਅਦ ਤੋਂ ਗਾਇਬ ਹੈ। ਉਨ੍ਹਾਂ ਨੇ ਹਾਈਕੋਰਟ ਤੋਂ ਅਗ੍ਰਿਮ ਜ਼ਮਾਨਤ ਵੀ ਮੰਗੀ ਸੀ ਪਰ ਉਹ ਰਿਜੈਕਟ ਹੋ ਗਈ। ਜਿਸ ਤੋਂ ਬਾਅਦ ਵਿਜੀਲੈਂਸ ਗਿਲਜੀਆਂ ਨੂੰ ਕਦੇ ਵੀ ਗ੍ਰਿਫਤਾਰ ਕਰ ਸਕਦੀ ਹੈ। ਵਿਜੀਲੈਂਸ ਬਿਊਰੋ ਦੀ ਛਾਨਬੀਨ ਵਿਚ ਸਾਹਮਣੇ ਆਇਆ ਕਿ ਦਲਜੀਤ ਹੀ ਚਾਚਾ ਸੰਗਤ ਗਿਲਜੀਆਂ ਦਾ ਮੰਤਰਾਲਾ ਚਲਾ ਰਿਹਾ ਸੀ। ਉਹ ਅਫਸਰਾਂ ਦੀ ਟਰਾਂਸਫਰ-ਪੋਸਟਿੰਗ ਵਿਚ ਦਖਲ ਦਿੰਦਾ ਸੀ। ਵਿਭਾਗ ਵਿਚ ਟ੍ਰੀ-ਗਾਰਡ ਖਰੀਦ ਤੋਂ ਇਲਾਵਾ ਰੁੱਖ ਕੱਟਣ ਦੇ ਪਰਮਿਟ ਵਿਚ ਵੀ ਦਲਜੀਤ ਦੀ ਹੀ ਚੱਲਦੀ ਸੀ। ਵਿਜੀਲੈਂਸ ਦਾ ਦਾਅਵਾ ਹੈ ਕਿ ਦਲਜੀਤ ਹੀ ਮੰਤਰੀ ਦੇ ਪੂਰੇ ਲੈਣ-ਦੇਣ ਦਾ ਹਿਸਾਬ ਰੱਖਦਾ ਸੀ।



