ਸਾਬਕਾ ਮੰਤਰੀ ਗਿਲਜੀਆਂ ਦਾ ਭਤੀਜਾ 17 ਜੁਲਾਈ ਤੱਕ ਪੁਲਿਸ ਰਿਮਾਂਡ ‘ਤੇ 

ਮੋਹਾਲੀ- ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਜੋ ਕਿ ਪੇਸ਼ੇ ਵਜੋਂ ਐਡਵੋਕੇਟ ਹੈ, ਦੀ ਗ੍ਰਿਫ਼ਤਾਰੀ ਤੋਂ ਬਾਅਦ…

ਮੋਹਾਲੀ- ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਜੋ ਕਿ ਪੇਸ਼ੇ ਵਜੋਂ ਐਡਵੋਕੇਟ ਹੈ, ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਵਲੋਂ ਉਸ ਨੂੰ ਅੱਜ ਅਦਾਲਤ ‘ਚ ਪੇਸ਼ ਕਰਕੇ 10 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ, ਜਦੋਂਕਿ ਬਚਾਅ ਪੱਖ ਦੇ ਵਕੀਲਾਂ ਵਲੋਂ ਪੁਲਿਸ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਗਿਆ ਕਿ ਦਲਜੀਤ ਸਿੰਘ ਗਿਲਜੀਆਂ ਕੋਲੋਂ ਵਿਜੀਲੈਂਸ ਵਲੋਂ ਪਹਿਲਾਂ ਹੀ ਬਰਾਮਦਗੀ ਕਰ ਲਈ ਗਈ ਹੈ ਅਤੇ ਹੁਣ ਪੁਲਿਸ ਰਿਮਾਂਡ ਦੀ ਕੋਈ ਜ਼ਰੂਰਤ ਨਹੀਂ ਹੈ। ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਲਜੀਤ ਸਿੰਘ ਗਿਲਜੀਆਂ ਨੂੰ 17 ਜੁਲਾਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ।
ਇਸ ਤੋਂ ਪਹਿਲਾਂ ਪੰਜਾਬ ਦੇ ਜੰਗਲਾਤ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਦਲਜੀਤ ਨੂੰ ਚੰਡੀਗੜ੍ਹ ਦੇ ਸੈਕਟਰ 37 ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗਿਲਜੀਆਂ ਪਿਛਲੀ ਕਾਂਗਰਸ ਸਰਕਾਰ ਵਿਚ ਸੀ.ਐੱਮ. ਚਰਨਜੀਤ ਸਿੰਘ ਚੰਨੀ ਦੇ ਮੰਤਰੀ ਮੰਡਲ ਵਿਚ ਜੰਗਲਾਤ ਮੰਤਰੀ ਰਹੇ ਹਨ। ਉਨ੍ਹਾਂ ਨੇ ਹਾਈਕੋਰਟ ਤੋਂ ਅਗ੍ਰਿਮ ਜ਼ਮਾਨਤ ਮੰਗੀ ਸੀ ਪਰ ਪਟੀਸ਼ਨ ਖਾਰਿਜ ਹੋ ਗਈ ਸੀ। 
ਦੱਸਣਯੋਗ ਹੈ ਕਿ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਖਿਲਾਫ ਮੋਹਾਲੀ ਵਿਚ ਕੇਸ ਦਰਜ ਹੈ। ਗਿਲਜੀਆਂ ਨੂੰ ਜੇਲ ਵਿਚ ਬੰਦ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਨਾਮਜ਼ਦ ਕੀਤਾ ਗਿਆ ਸੀ। ਇਸੇ ਕੇਸ ਵਿਚ ਦਲਜੀਤ ਸਿੰਘ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਵਿਜੀਲੈਂਸ ਸੂਤਰਾਂ ਮੁਤਾਬਕ ਸੰਗਤ ਸਿੰਘ ਗਿਲਜੀਆਂ ਦਾ ਸਾਰਾ ਕੰਮ ਦਲਜੀਤ ਸਿੰਘ ਗਿਲਜੀਆਂ ਹੀ ਦੇਖਦਾ ਸੀ। ਵਿਜੀਲੈਂਸ ਨੂੰ ਸ਼ੱਕ ਹੈ ਕਿ ਗਿਲਜੀਆਂ ਦੇ ਕਮਿਸ਼ਨ ਵਾਲੇ ਕੰਮ ਦਲਜੀਤ ਹੀ ਦੇਖਦਾ ਸੀ।

Leave a Reply

Your email address will not be published. Required fields are marked *