ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵਰਤੇ ਗਏ ਹਥਿਆਰਾਂ ਦੀ ਫਾਰੈਂਸਿਕ ਜਾਂਚ ਰਿਪੋਰਟ ਆ ਗਈ ਹੈ। ਮੂਸੇਵਾਲਾ ਦੇ ਕਤਲ ਵਿਚ ਏ.ਕੇ.47 ਤੋਂ ਇਲਾਵਾ .30 ਬੋਰ ਅਤੇ 9 ਐੱਮ.ਐੱਮ. ਪਿਸਟਲ ਦੀ ਵਰਤੋਂ ਹੋਈ ਹੈ। ਇਹ ਖੁਲਾਸਾ ਮੂਸੇਵਾਲਾ ਦੀ ਬਾਡੀ ਅਤੇ ਵਾਰਦਾਤ ਦੀ ਥਾਂ ਤੋਂ ਮਿਲੀਆਂ ਗੋਲੀਆਂ ਦੀ ਜਾਂਚ ਨਾਲ ਹੋਇਆ ਹੈ। ਹਾਲਾਂਕਿ ਪੁਲਿਸ ਅਜੇ ਤੱਕ ਕਤਲ ‘ਚ ਇਸਤੇਮਾਲ ਹਥਿਆਰ ਰਿਕਵਰ ਨਹੀਂ ਕਰ ਸਕੀ ਹੈ। ਕਤਲ ਤੋਂ ਬਾਅਦ ਹਰਿਆਣਾ ਤੋਂ ਕੋਈ ਵਿਅਕਤੀ ਸ਼ਾਰਪਸ਼ੂਟਰਸ ਤੋਂ ਇਹ ਹਥਿਆਰ ਲੈ ਕੇ ਚਲਾ ਗਿਆ ਸੀ।
ਫਾਰੈਂਸਿਕ ਜਾਂਚ ਤੋਂ ਬਾਅਦ ਪੁਲਿਸ ਨੇ ਖੁਲਾਸਾ ਕੀਤਾ ਕਿ 7 ਗੋਲੀਆਂ ਸਿੱਧੇ ਮੂਸੇਵਾਲਾ ਨੂੰ ਲੱਗੀਆਂ ਸਨ। ਇਨ੍ਹਾਂ ਵਿਚੋਂ 1 ਪੂਰੀ ਅਤੇ 1 ਅੱਧੀ ਬੁਲੇਟ ਉਨ੍ਹਾਂ ਦੇ ਸਰੀਰ ਤੋਂ ਮਿਲੀ ਹੈ। ਮੂਸੇਵਾਲਾ ਜਿਸ ਥਾਰ ਵਿਚ ਜਾ ਰਹੇ ਸਨ, ਉਸ ‘ਤੇ ਕੁਲ 25 ਫਾਇਰ ਲੱਗੇ। ਹਾਲਾਂਕਿ ਕੁਝ ਫਾਇਰ ਨੇੜਲੀਆਂ ਕੰਧਾਂ, ਘਰਾਂ ਅਤੇ ਖੇਤਾਂ ਵਿਚੋਂ ਵੀ ਮਿਲੇ ਹਨ। ਸਪੱਸ਼ਟ ਹੈ ਕਿ ਸ਼ਾਰਪਸ਼ੂਟਰ ਨੇ ਮੂਸੇਵਾਲਾ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਮੂਸੇਵਾਲਾ ਦੀ ਮੌਤ ਫੇਫੜਿਆਂ ਅਤੇ ਲਿਵਰ ਵਿਚ ਗੋਲੀ ਲੱਗਣ ਨਾਲ ਹੋਈ।
ਮੂਸੇਵਾਲਾ ਦੀ ਹੱਤਿਆ ਵਿਚ 6 ਸ਼ਾਰਪ ਸ਼ੂਟਰ ਸ਼ਾਮਲ ਸਨ। ਜਿਨ੍ਹਾਂ ਵਿਚ ਪ੍ਰਿਯਵਰਤ ਫੌਜੀ, ਕਸ਼ਿਸ਼, ਅੰਕਿਤ ਸੇਰਸਾ, ਜਗਰੂਪ ਰੂਪਾ, ਮਨਪ੍ਰੀਤ ਮਨੁੰ ਕੁੱਸਾ ਅਤੇ ਦੀਪਕ ਮੁੰਡੀ ਸ਼ਾਮਲ ਹਨ। ਇਨ੍ਹਾਂ ਵਿਚ ਫੌਜੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਗ੍ਰਿਫਤਾਰ ਹੋ ਚੁੱਕੇ ਹਨ। ਇਨ੍ਹਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ। ਰੂਪਾ, ਮਨੁੰ ਅਤੇ ਮੁੰਡੀ ਅਜੇ ਫਰਾਰ ਹਨ। ਮੂਸੇਵਾਲਾ ਦੇ ਕਤਲ ਨੂੰ 45 ਦਿਨ ਬੀਤਣ ਤੋਂ ਬਾਅਦ ਵੀ ਪੰਜਾਬ ਪੁਲਿਸ ਕਿਸੇ ਸ਼ਾਰਪ ਸ਼ੂਟਰ ਨੂੰ ਫੜ ਨਹੀਂ ਸਕੀ ਹੈ। ਹਾਲਾਂਕਿ ਸਾਜ਼ਿਸ਼ ਰੱਚਣ ਅਤੇ ਮਦਦ ਕਰਨ ਵਾਲੇ 18 ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।



