ਲੁਧਿਆਣਾ- ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਬੁੱਧਵਾਰ ਦੇਰ ਰਾਤ ਥਾਣਾ ਸਰਾਭਾ ਨਗਰ ਅਧੀਨ ਪੈਂਦੇ ਭਾਈ ਰਣਧੀਰ ਸਿੰਘ (ਬੀ.ਆਰ.ਐੱਸ.) ਨਗਰ ‘ਚ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਗਿਆ। ਸੀਪੀਡਬਲਿਊਡੀ ਦੇ ਸੇਵਾਮੁਕਤ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਪਤੀ ਪਤਨੀ ਇਲਾਕੇ ਦੇ ਡੀ-ਬਲਾਕ ਵਿੱਚ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਦੇ ਨਾਲ ਲੱਗਦੀ ਗਲੀ ਦੇ ਬਿਲਕੁਲ ਸਾਹਮਣੇ ਇੱਕ ਮਕਾਨ ਵਿੱਚ ਰਹਿੰਦੇ ਸਨ।
Also Read: ਭੁਪਿੰਦਰ ਹਨੀ ਦੀ ਜ਼ਮਾਨਤ ਦੀ ਅਰਜ਼ੀ ਰੱਦ, 9 ਮਈ ਨੂੰ ਹੋਵੇਗੀ ਅਦਾਲਤ ‘ਚ ਅਗਲੀ ਪੇਸ਼ੀ
ਮ੍ਰਿਤਕਾਂ ਦੀ ਪਛਾਣ ਸੁਖਦੇਵ ਸਿੰਘ ਲੋਟੇ (60) ਅਤੇ ਉਸ ਦੀ ਪਤਨੀ ਗੁਰਮੀਤ ਕੌਰ (64) ਵਜੋਂ ਹੋਈ ਹੈ। ਸੁਖਦੇਵ ਸਿੰਘ ਦੇ ਤਿੰਨ ਬੱਚੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਨੂੰ ਸਿਰਫ 20 ਮਿੰਟਾਂ ‘ਚ ਅੰਜਾਮ ਦਿੱਤਾ ਗਿਆ। ਦੋਸ਼ੀ ਘਰ ‘ਚ ਦਾਖਲ ਹੁੰਦਾ ਹੈ ਅਤੇ ਕੁਝ ਸਮੇਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੰਧ ਟੱਪ ਕੇ ਫਰਾਰ ਹੋ ਜਾਂਦਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਰਾਭਾ ਨਗਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।
ਬੇਟੀ ਮਿਲਣ ਆਈ ਤਾਂ ਘਟਨਾ ਦਾ ਖੁਲਾਸਾ ਹੋਇਆ
ਮ੍ਰਿਤਕ ਜੋੜੇ ਦੇ ਦੋ ਲੜਕੇ ਲੱਕੀ ਅਤੇ ਰਾਜੂ ਵਿਦੇਸ਼ ਰਹਿੰਦੇ ਹਨ। ਉਸ ਦੀ ਇੱਕ ਧੀ ਰਿੰਪੀ ਦਾ ਵਿਆਹ ਲੁਧਿਆਣਾ ਦੇ ਅਗਰ ਨਗਰ ਵਿੱਚ ਹੀ ਹੋਇਆ ਹੈ। ਉਸ ਦੇ ਪਿਤਾ ਦਾ ਫੋਨ ਬੰਦ ਹੋਣ ‘ਤੇ ਉਹ ਉਸ ਨੂੰ ਮਿਲਣ ਆਈ ਸੀ ਪਰ ਘਰ ਦਾ ਦਰਵਾਜ਼ਾ ਖੁੱਲ੍ਹਾ ਮਿਲਿਆ ਤਾਂ ਉਹ ਸਿੱਧਾ ਅੰਦਰ ਚਲੀ ਗਈ। ਉੱਥੇ ਦਾ ਨਜ਼ਾਰਾ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਗੁਆਂਢ ਦੇ ਲੋਕ ਇਕੱਠੇ ਹੋ ਗਏ। ਗੁਆਂਢੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਰਿੰਪੀ ਨੇ ਦੱਸਿਆ ਕਿ ਪਿਤਾ ਸੁਖਦੇਵ ਸਿੰਘ ਉਸ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ। ਅਚਾਨਕ ਫੋਨ ਬੰਦ ਹੋ ਗਿਆ ਤਾਂ ਉਹ ਆਪਣੇ ਪਿਤਾ ਨੂੰ ਮਿਲਣ ਆਈ।
Also Read: ਬਟਾਲਾ ਸਕੂਲ ਬੱਸ ਹਾਦਸੇ ‘ਤੇ ਸਿੱਖਿਆ ਮੰਤਰੀ ਨੇ ਜਤਾਇਆ ਦੁੱਖ, ਦਿੱਤੇ ਇਹ ਹੁਕਮ
ਕਮਰੇ ‘ਚੋਂ ਮਿਲੇ ਪਾਣੀ ਦੇ 3 ਗਿਲਾਸ, ਬਾਗ ‘ਚੋਂ ਪੈਰਾਂ ਦੇ ਨਿਸ਼ਾਨ
ਜਾਂਚ ਦੌਰਾਨ ਪੁਲਿਸ ਨੂੰ ਕਮਰੇ ਵਿੱਚੋਂ ਪਾਣੀ ਦੇ 3 ਗਲਾਸ ਮਿਲੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰ ਪਹਿਲਾਂ ਪਤੀ-ਪਤਨੀ ਦੇ ਕੋਲ ਹੀ ਬੈਠਾ ਹੋਵੇਗਾ ਅਤੇ ਕਿਸੇ ਗੱਲ ਨੂੰ ਲੈ ਕੇ ਗੱਲਬਾਤ ਕੀਤੀ ਹੋਵੇਗੀ। ਹਮਲਾਵਰ ਨੂੰ ਪਤੀ-ਪਤਨੀ ਨੇ ਪਾਣੀ ਪਿਲਾਇਆ ਹੋਵੇਗਾ, ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਪੁਲਿਸ ਵੱਖ-ਵੱਖ ਥਿਊਰੀਆਂ ‘ਤੇ ਕੰਮ ਕਰ ਰਹੀ ਹੈ। ਜਿਸ ਕਮਰੇ ਵਿੱਚ ਕਤਲ ਹੋਇਆ ਸੀ, ਉਸ ਤੋਂ ਪੁਲਿਸ ਨੇ ਕਈ ਸੈਂਪਲ ਵੀ ਲਏ ਹਨ। ਪੁਲਿਸ ਨੂੰ ਮੁਲਜ਼ਮਾਂ ਦੀਆਂ ਜੁੱਤੀਆਂ ਦੇ ਨਿਸ਼ਾਨ ਵੀ ਮਿਲੇ ਹਨ ਕਿਉਂਕਿ ਜਦੋਂ ਮੁਲਜ਼ਮ ਘਰ ਦੀ ਕੰਧ ਟੱਪ ਕੇ ਗਿਆ ਤਾਂ ਉਸ ਦੇ ਪੈਰ ਘਰ ਦੇ ਬਾਹਰ ਲੱਗੇ ਬਗੀਚੇ ਵਿੱਚ ਮਿੱਟੀ ਵਿੱਚ ਛੱਪ ਗਏ।
ਜੋੜੇ ਨੇ 15 ਮਈ ਨੂੰ ਜਾਣਾ ਸੀ ਕੈਨੇਡਾ
ਰਿੰਪੀ ਨੇ ਦੱਸਿਆ ਕਿ ਮਾਪਿਆਂ ਨੇ 15 ਮਈ ਨੂੰ ਆਪਣੇ ਬੇਟੇ ਲੱਕੀ ਕੋਲ ਕੈਨੇਡਾ ਜਾਣਾ ਸੀ। ਇਸ ਕਰਕੇ ਉਹ ਸ਼ਾਪਿੰਗ ਆਦਿ ਲਈ ਜਾਂਦੇ ਸਨ। ਸੁਖਦੇਵ ਸਿੰਘ ਦਾ ਦੂਜਾ ਪੁੱਤਰ ਰਾਜੂ ਸਕਾਟਲੈਂਡ ਰਹਿੰਦਾ ਹੈ। ਸੁਖਦੇਵ ਸਿੰਘ ਦੇ ਇਲਾਕੇ ਦੇ ਲੋਕਾਂ ਨਾਲ ਚੰਗੇ ਸਬੰਧ ਸਨ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।
ਪੁਲਿਸ ਸੀਸੀਟੀਵੀ ਅਤੇ ਸੇਫ਼ ਸਿਟੀ ਕੈਮਰਿਆਂ ਦੀ ਕਰ ਰਹੀ ਜਾਂਚ
ਘਟਨਾ ਦਾ ਪਤਾ ਲੱਗਦਿਆਂ ਹੀ ਏਡੀਸੀਪੀ ਅਸ਼ਵਨੀ ਗੋਟਿਆਲ, ਏਡੀਸੀਪੀ ਪ੍ਰਗਿਆ ਜੈਨ, ਡੀਸੀਪੀ ਸਿਮਰਨਜੀਤ ਸਿੰਘ, ਐਸਐਚਓ ਸੁਨੀਤਾ ਕੌਰ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਮੌਕੇ ਤੋਂ ਕਈ ਸੁਰਾਗ ਇਕੱਠੇ ਕੀਤੇ ਹਨ। ਇਲਾਕੇ ਵਿੱਚ ਲੱਗੇ ਸੀਸੀਟੀਵੀ ਅਤੇ ਸੇਫ਼ ਸਿਟੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ ਹੈ। ਪੁਲਿਸ ਰਾਤ ਕਰੀਬ 1.30 ਵਜੇ ਤੱਕ ਭਾਈ ਰਣਧੀਰ ਸਿੰਘ (ਬੀ.ਆਰ.ਐਸ.) ਨਗਰ ਵਿੱਚ ਮੁਲਜ਼ਮਾਂ ਖ਼ਿਲਾਫ਼ ਸੁਰਾਗ ਇਕੱਠਾ ਕਰਦੀ ਰਹੀ।



