ਚੰਡੀਗੜ੍ਹ : ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਬੱਚੇ-ਬੱਚੀਆਂ ਯੁਕਰੇਨ ਵਿਚ ਪੜ੍ਹਾਈ (Study in Ukraine) ਕਰਨ ਲਈ ਜਾਂ ਫਿਰ ਰੋਜ਼ਗਾਰ ਲਈ ਗਏ ਹੋਏ ਹਨ। ਰੂਸ-ਯੁਕਰੇਨ ਜੰਗ (Russia-Ukraine war) ਦੌਰਾਨ ਇਹ ਬੱਚੇ ਉਥੇ ਫੱਸ ਗਏ ਹਨ, ਜਿਸ ਕਾਰਣ ਪਰਿਵਾਰ ਆਪਣੇ ਬੱਚਿਆਂ ਦੀ ਸੁਰੱਖਿਅਤ ਵਾਪਸੀ (Safe return) ਲਈ ਅਰਦਾਸਾਂ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਸਕਦੇ। ਪਰਿਵਾਰਕ ਮੈਂਬਰਾਂ ਵਲੋਂ ਸਰਕਾਰਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ।
ਅੰਮ੍ਰਿਤਸਰ
ਇਸੇ ਤਰ੍ਹਾਂ ਅੰਮ੍ਰਿਤਸਰ ਦੇ ਦਰਜਨਾਂ ਬੱਚੇ ਯੂਕਰੇਨ ‘ਚ ਫਸੇ ਹੋਏ ਹਨ। ਕੇਂਦਰ ਅਤੇ ਸੂਬਿਆਂ ਵਲੋਂ ਭਾਰਤ ਸਰਕਾਰ ਨੂੰ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਬੱਚਿਆਂ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਦਾ ਪ੍ਰਬੰਧ ਕਰੇ।
ਕਾਦੀਆਂ
ਕਾਦੀਆਂ ਸ਼ਹਿਰ ਦੇ ਮੁਹੱਲਾ ਕ੍ਰਿਸ਼ਨਾ ਨਗਰ ਅਤੇ ਮੁਹੱਲਾ ਧਰਮਪੁਰਾ ਤੋਂ ਇਕ ਨੌਜਵਾਨ ਅਤੇ ਨੌਜਵਾਨ ਲੜਕੀ ਦੇ ਯੂਕਰੇਨ ‘ਚ ਫਸੇ ਜਾਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਅੱਜ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਆਪਣੀ ਰਿਹਾਇਸ਼ ਕਾਦੀਆਂ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਗਿਆ ਕਿ ਕਾਦੀਆਂ ਨਿਵਾਸੀ ਗੁਰਮੀਤ ਸਿੰਘ ਦਾ ਲੜਕਾ ਗੁਰਪ੍ਰਤਾਪ ਸਿੰਘ ਜੋ ਕਿ ਯੂਕਰੇਨ ਦੇ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰਨ ਲਈ ਸਾਲ 2020 ‘ਚ ਉੱਥੇ ਗਿਆ ਸੀ ਅਤੇ ਇਸੇ ਤਰ੍ਹਾਂ ਹੀ ਮੁਹੱਲਾ ਧਰਮਪੁਰਾ ਬੁੱਟਰ ਰੋਡ ਕਾਦੀਆਂ ਨਿਵਾਸੀ ਰਾਜ ਕੁਮਾਰ ਦੀ ਲੜਕੀ ਚਾਹਤ ਜੋ ਕਿ ਸਾਲ 2019 ‘ਚ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਐੱਮ.ਬੀ.ਬੀ. ਐੱਸ. ਦੀ ਪੜ੍ਹਾਈ ਕਰਨ ਲਈ ਗਈ ਹੋਈ ਸੀ ਅਤੇ ਬੀਤੇ ਦਿਨੀਂ ਰੂਸ ਵਲੋਂ ਯੂਕਰੇਨ ਤੇ ਕੀਤੇ ਗਏ ਹਮਲੇ ਦੌਰਾਨ ਜਿੱਥੇ ਭਾਰਤ ਦੇਸ਼ ਦੇ ਹਜ਼ਾਰਾਂ ਨੌਜਵਾਨ ਲੜਕੇ ਲੜਕੀਆਂ ਯੂਕਰੇਨ ‘ਚ ਫਸੇ ਹੋਏ ਹਨ।
ਅਜਨਾਲਾ
ਅਜਨਾਲਾ ਨਾਲ ਸੰਬੰਧਿਤ ਇਕ ਵਿਦਿਆਰਥਣ ਵੀ ਉੱਥੇ ਰਹਿ ਰਹੀ ਹੈ ਇਥੋਂ ਤਕਰੀਬਨ 9 ਵਿਦਿਆਰਥੀਆਂ ਵਲੋਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਤੁਰੰਤ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ। ਦੂਜੇ ਪਾਸੇ ਉਕਤ ਵਿਦਿਆਰਥਣ ਦੇ ਮਾਤਾ ਪਿਤਾ ਨੇ ਵੀ ਸਰਕਾਰ ਕੋਲੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਧੀ ਜੋ ਕਿ ਪੰਜ ਸਾਲ ਪਹਿਲਾਂ ਉੱਥੇ ਪੜ੍ਹਨ ਵਾਸਤੇ ਗਈ ਸੀ, ਨੂੰ ਵਾਪਸ ਲਿਆਉਣ ਵਿਚ ਤੁਰੰਤ ਲੋੜੀਂਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।
ਬਰਨਾਲਾ
ਯੂਕਰੇਨ ਅਤੇ ਰੂਸ ਦੀ ਲੜਾਈ ਵਿਚ ਕਈ ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਦੇ ਪਰਿਵਾਰ ਆਪਣੇ ਬੱਚਿਆਂ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦੇ ਦੋ ਵਿਦਿਆਰਥੀ ਜੋ ਯੂਕਰੇਨ ਵਿਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰ ਰਹੇ ਹਨ ਉਹ ਵੀ ਉੱਥੇ ਫਸੇ ਹੋਏ ਹਨ। ਅੱਜ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ।
ਜਲੰਧਰ
ਯੂਕਰੇਨ ਵਿਚ ਪੰਜਾਬ ਦੇ ਕਈ ਵਿਦਿਆਰਥੀ ਫਸੇ ਹੋਏ ਹਨ। ਉਥੇ ਹੀ ਯੂਕਰੇਨ ਵਿਚ ਫਸੇ ਜਲੰਧਰ ਦੇ ਲੋਕਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਹੈਲਪਲਾਈਨ ਨੰਬਰ (0181-2224417) ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਕਲ੍ਹ ਵੀ ਭਾਰਤ ਸਰਕਾਰ ਵਲੋਂ ਯੁਕਰੇਨ ਵਿਚ ਫਸੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਯੂਕਰੇਨ ‘ਚ ਸਾਰੇ ਭਾਰਤੀ ਨਾਗਰਿਕਾਂ ਲਈ ਇਕ ਐਡਵਾਇਜ਼ਰੀ ‘ਚ ਦੂਤਾਵਾਸ ਨੇ ਕਿਹਾ ਸੀ ਕਿ ਯੂਕਰੇਨ ‘ਚ ਸਾਰੇ ਭਾਰਤੀ ਨਾਗਰਿਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਯੂਕਰੇਨ ਦੇ ਹਵਾਈ ਖ਼ੇਤਰ ਨੂੰ ਬੰਦ ਕਰ ਦਿੱਤਾ ਗਿਆ ਹੈ, ਇਸ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਦੂਤਾਵਾਸ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਬਦਲਵੀਂ ਵਿਵਸਥਾ ਕੀਤੀ ਜਾ ਰਹੀ ਹੈ। ਜਿਵੇਂ ਹੀ ਇਸ ਤਰ੍ਹਾਂ ਦੀ ਵਿਵਸਥਾ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਤਾਂ ਇਸ ਬਾਰੇ ਦੂਤਾਵਾਸ ਸੂਚਨਾ ਦੇਵੇਗਾ। ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਹਰ ਸਮੇਂ ਆਪਣੇ ਪਾਸਪੋਰਟ ਤੇ ਜ਼ਰੂਰੀ ਦਸਤਾਵੇਜ਼ ਕੋਲ ਰੱਖਣ ਦੀ ਅਪੀਲ ਕੀਤੀ। ਦੂਤਾਵਾਸ ਵਲੋਂ ਕੁਝ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ‘ਚ +380997300483, +380997300428, +380933980327, +380635917881 ਤੇ +380935046170 ਸ਼ਾਮਿਲ ਹਨ। ਦੱਸਣਯੋਗ ਹੈ ਕਿ 20 ਹਜ਼ਾਰ ਤੋਂ ਜ਼ਿਆਦਾ ਭਾਰਤੀ ਨਾਗਰਿਕ ਯੂਕਰੇਨ ‘ਚ ਹਨ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਲੋਕ ਯੁਕਰੇਨ ‘ਚ ਫਸੇ, ਪਰਿਵਾਰਾਂ ਨੇ ਸਰਕਾਰ ਨੂੰ ਕੀਤੀ ਅਪੀਲ
ਚੰਡੀਗੜ੍ਹ : ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਬੱਚੇ-ਬੱਚੀਆਂ ਯੁਕਰੇਨ ਵਿਚ ਪੜ੍ਹਾਈ (Study in Ukraine) ਕਰਨ ਲਈ ਜਾਂ ਫਿਰ ਰੋਜ਼ਗਾਰ ਲਈ ਗਏ ਹੋਏ ਹਨ। ਰੂਸ-ਯੁਕਰੇਨ ਜੰਗ…
