ਲੁਧਿਆਣਾ: ਕਿਸਾਨੀ ਉਤੇ ਸੰਕਟ ਹਮੇਸ਼ਾ ਮੰਡਰਾਉਂਦਾ ਰਹਿੰਦਾ ਹੈ। ਲੁਧਿਆਣਾ ਦੀ ਮੰਡੀ ਵਿੱਚ ਸਬਜ਼ੀਆਂ ਦੇ ਰੇਟ ਘਟਣ ਕਾਰਨ ਕਿਸਾਨ ਪਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਠੇਕੇ ਉੱਤੇ ਜ਼ਮੀਨ ਲੈ ਕੇ ਸਬਜ਼ੀ ਲਗਾਈ ਸੀ ਪਰ ਰੇਟ ਘੱਟ ਹੋਣ ਕਾਰਨ ਘਾਟਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਪਹਿਲਾ ਮੌਸਮ ਦੇ ਪ੍ਰਕੋਪ ਕਾਰਨ ਕਾਫ਼ੀ ਨੁਕਸਾਨ ਸਹਿਣਾ ਪਿਆ ਹੈ।
ਲੁਧਿਆਣਾ ਦੀ ਹੋਲਸੇਲ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੇ ਮੰਦੇ ਭਾਅ ਹੋਣ ਦੇ ਚਲਦਿਆਂ ਕਿਸਾਨ ਪ੍ਰੇਸ਼ਾਨ ਨਜ਼ਰ ਆ ਰਹੇ ਹਨ । ਕਿਹਾ ਜਾ ਰਿਹਾ ਹੈ ਕਿ ਜਦੋਂ ਤੋਂ ਪੰਜਾਬ ਦੀਆਂ ਸਬਜੀਆਂ ਮੰਡੀ ਵਿੱਚ ਆਉਣ ਲੱਗੀਆਂ ਹਨ ਉਦੋਂ ਹੀ ਸਬਜ਼ੀਆਂ ਦੇ ਰੇਟ ਘੱਟ ਗਏ ਹਨ। ਜਿਸ ਨਾਲ ਗਾਹਕ ਨੂੰ ਤਾਂ ਜ਼ਰੂਰ ਕੁਝ ਰਾਹਤ ਮਿਲੀ ਹੋਵੇਗੀ ਪਰ ਕਿਸਾਨਾਂ ਦੇ ਚਿਹਰਿਆਂ ਦੇ ਉਪਰੋਂ ਰੌਣਕ ਗਾਇਬ ਹੋ ਚੁੱਕੀ ਹੈ ਕਿਉਂਕਿ ਉਨ੍ਹਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ। ਉਹ 60 ਹਜ਼ਾਰ ਰੁਪਏ ਠੇਕੇ ਦੀ ਜ਼ਮੀਨ ਲੈਂਦੇ ਹਨ ਪਰ ਸਬਜ਼ੀਆਂ ਦੇ ਮੰਦੇ ਭਾਅ ਹੋਣ ਦੇ ਚਲਦੇ ਹਾਂ ਉਹਨਾਂ ਦੇ ਠੇਕੇ ਦੇ ਪੈਸੇ ਵੀ ਪੂਰੇ ਨਹੀਂ ਹੋ ਰਹੇ । ਉਥੇ ਹੀ ਸਬਜ਼ੀਆਂ ਦੇ ਥੋਕ ਕਾਰੋਬਾਰੀਆਂ ਨੇ ਵੀ ਦੱਸਿਆ ਕਿ ਇਸ ਵਾਰ ਸਬਜੀਆਂ ਦੇ ਭਾਅ ਬਹੁਤ ਮੰਦੇ ਹਨ ਅਤੇ ਉਹ ਇਸ ਨੂੰ ਸਬਜੀ ਦੀ ਆਮਦ ਜ਼ਿਆਦਾ ਹੋਣਾ ਤੇ ਗਰਮੀ ਦਾ ਪ੍ਰਕੋਪ ਵੀ ਦੱਸਦੇ ਹਨ।
ਲੁਧਿਆਣਾ ਦੀ ਥੋਕ ਸਬਜ਼ੀ ਮੰਡੀ ਵਿਚ ਸਬਜ਼ੀ ਵੇਚਣ ਵਾਸਤੇ ਜਲੰਧਰ ਤੋਂ ਆਏ ਕਿਸਾਨ ਨੇ ਕਿਹਾ ਕੀ ਮੰਡੀ ਦੇ ਬਹੁਤ ਬੁਰੇ ਹਾਲਾਤ ਹਨ। ਉਨ੍ਹਾਂ ਨੇ ਕਿਹਾ ਕਿ ਇਹ ਹੁਣ ਤੋਂ ਨਹੀਂ ਤਿੰਨ ਚਾਰ ਮਹੀਨੇ ਤੋਂ ਹੀ ਅਜਿਹੇ ਹਾਲਾਤ ਹਨ ਜਦੋਂ ਪੰਜਾਬ ਦੀ ਸਬਜੀ ਆਉਣੀ ਸ਼ੁਰੂ ਹੋਈ ਹੈ । ਉਹਨਾਂ ਨੇ ਇਹ ਵੀ ਕਿਹਾ ਕਿ ਬਾਜ਼ਾਰ ਵਿਚ ਲੋਕੀ, ਪੇਠਾ ਤਿੰਨ ਰੁਪਏ ਕਿਲੋ ਵਿਕਦੇ ਹਨ । ਉਨ੍ਹਾਂ ਨੇ ਦੱਸਿਆ ਕਿ ਇਸ ਦੇ ਨਾਲ ਮੁਨਾਫਾ ਕੀ ਹੋਣਾ ਹੈ ਸਗੋਂ ਉਹਨਾਂ ਦੇ ਠੇਕੇ ਦੇ ਪੈਸੇ ਵੀ ਪੂਰੇ ਨਹੀਂ ਹੋ ਰਹੇ। ਉਹਨਾਂ ਨੇ ਕਿਹਾ ਕਿ ਉਹ ਇਸ ਨੂੰ ਸਟੋਰ ਵੀ ਨਹੀਂ ਕਰ ਸਕਦੇ ਜਿਆਦਾ ਦਿਨ ਰੱਖਣ ਤੇ ਸਬਜ਼ੀ ਖਰਾਬ ਹੋ ਜਾਂਦੀ ਹੈ । ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



