ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਹਾਈ ਸਕਿਓਰਟੀ ਜ਼ੋਨ ਵਿੱਚ ਬੰਦ ਸੂਬੇ ਦੇ ਚਾਰ ਦਰਜਨ ਤੋਂ ਵਧ ਗੈਂਗਸਟਰਾਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਬੀਤੀ 15 ਮਈ ਨੂੰ ਜੇਲ੍ਹ ਅਧਿਕਾਰੀਆਂ ਵਲੋਂ 30 ਮਈ ਤੱਕ ਮੰਗਾਂ ਪੂਰੀਆਂ ਕਰਨ ਦੇ ਦਿੱਤੇ ਭਰੋਸੇ ਨੂੰ ਪੂਰਾ ਨਾ ਕਰਨ ਦੇ ਰੋਸ ਵਜੋਂ ਇੰਨ੍ਹਾਂ ਗੈਂਗਸਟਰਾਂ ਵਲੋਂ ਹੁਣ 1 ਜੂਨ ਤੋਂ ਤੀਜੀ ਵਾਰ ਇਹ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ।
10 ਮਈ ਤੋਂ 15 ਮਈ ਤੱਕ ਭੁੱਖ ਹੜਤਾਲ
ਜ਼ਿਕਰਯੋਗ ਹੈ ਕਿ ਪਹਿਲਾਂ ਗੈਂਗਸਟਰਾਂ ਨੇ 10 ਮਈ ਤੋਂ 15 ਮਈ ਤੱਕ ਭੁੱਖ ਹੜਤਾਲ ਕੀਤੀ ਸੀ, ਜਿਸਨੂੰ ਬਠਿੰਡਾ ਦੀ ਏਡੀਸੀ ਮੈਡਮ ਪੱਲਵੀ ਅਤੇ ਐਸ.ਪੀ ਅਜੈ ਗਾਂਧੀ ਦੀ ਅਗਵਾਈ ਹੇਠ ਬਣੀ ਟੀਮ ਨੇ ਖ਼ਤਮ ਕਰਵਾਇਆ ਸੀ। ਇੱਕ ਵਾਰ ਅਪ੍ਰੈਲ ਮਹੀਨੇ ਵਿਚ ਵੀ ਇੰਨ੍ਹਾਂ ਵਲੋਂ ਭੁੱਖ ਹੜਤਾਲ ਕੀਤੀ ਗਈ ਸੀ।
‘ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ ਹੜਤਾਲ’
ਉਧਰ ਹੁਣ ਭੁੱਖ ਹੜਤਾਲ ‘ਤੇ ਬੈਠੇ ਗੈਂਗਸਟਰਾਂ ਨੇ ਐਲਾਨ ਕੀਤਾ ਹੈ ਕਿ ਉਹ ਅਪਣੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਤੋਂ ਬਾਅਦ ਹੀ ਹੜਤਾਲ ਖ਼ਤਮ ਕਰਨਗੇ।
ਜੇਲ੍ਹ ਵਿਭਾਗ ਵੱਲੋਂ ਬਣਾਈ ਗਈ ਕਮੇਟੀ
ਮਿਲੀ ਜਾਣਕਾਰੀ ਮੁਤਾਬਿਕ ਜੇਲ੍ਹ ਵਿਭਾਗ ਵਲੋਂ ਇੰਨ੍ਹਾਂ ਹੜਤਾਲੀ ਗੈਂਗਸਟਰਾਂ ਦੇ ਮਾਮਲੇ ਨੂੰ ਹੱਲ ਕਰਨ ਲਈ ਜੇਲ੍ਹ ਵਿਭਾਗ ਦੇ ਆਈ.ਜੀ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਹੈ, ਜਿਸਦੇ ਵਲੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਗੈਂਗਸਟਰਾਂ ਦੀਆਂ ਬੈਰਕਾਂ ਦੇ ਵਿਚ ਟੈਲੀਵੀਜ਼ਨ ਲਗਾਉਣ ਦਾ ਭਰੋਸਾ ਦਿੱਤਾ ਹੈ। ਪਤਾ ਚੱਲਿਆ ਹੈ ਕਿ ਇਸ ਕਮੇਟੀ ਵਲੋਂ ਟੀਵੀ ਦੀ ਖ਼ਰੀਦ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।



