ਗੁਆਂਢ ਵਿਚ ਖੇਡਣ ਗਈ 8 ਸਾਲਾ ਬੱਚੀ, ਡਿੱਗ ਗਈ ਘਰ ਦੀ ਛੱਤ, ਮਲਬੇ ਹੇਠ ਦੱਬੀ ਮਿਲੀ ਲਾਸ਼, ਪਰਿਵਾਰ ਕਰ ਰਿਹਾ ਸੀ ਭਾਲ

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਵਿਧਾਨ ਸਭਾ ਹਲਕੇ ਦੇ ਪਿੰਡ ਮਾਹੂਆਣਾ ਵਿੱਚ ਇੱਕ ਮਜ਼ਦੂਰ ਦੇ ਘਰ ਦੀ ਛੱਤ ਡਿੱਗਣ ਕਾਰਨ ਇੱਕ 8 ਸਾਲਾ ਬੱਚੀ…

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਵਿਧਾਨ ਸਭਾ ਹਲਕੇ ਦੇ ਪਿੰਡ ਮਾਹੂਆਣਾ ਵਿੱਚ ਇੱਕ ਮਜ਼ਦੂਰ ਦੇ ਘਰ ਦੀ ਛੱਤ ਡਿੱਗਣ ਕਾਰਨ ਇੱਕ 8 ਸਾਲਾ ਬੱਚੀ ਦੀ ਮੌਤ ਹੋ ਗਈ। ਇਸ ਘਟਨਾ ‘ਚ ਨੌਜਵਾਨ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਉੱਥੇ ਖੇਡਣ ਆਈ ਸੀ। ਜਿਸ ਦੀ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕੀਤੀ ਜਾ ਰਹੀ ਸੀ।
ਜਾਣਕਾਰੀ ਮੁਤਾਬਕ ਮਲੋਟ-ਡੱਬਵਾਲੀ ਰੋਡ ‘ਤੇ ਸਥਿਤ ਪਿੰਡ ਮਾਹੂਆਣਾ ‘ਚ ਇਕ ਮਜ਼ਦੂਰ ਦੀ 8 ਸਾਲਾ ਬੱਚੀ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਦੱਬ ਕੇ ਮੌਤ ਹੋ ਗਈ। ਜਦਕਿ ਇੱਕ ਨੌਜਵਾਨ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਮਾਹੂਆਣਾ ਦੇ ਰਹਿਣ ਵਾਲੇ ਗਰੀਬ ਪਰਿਵਾਰ ਕੁਲਦੀਪ ਸਿੰਘ ਦੇ ਕਮਰੇ ਦੀ ਛੱਤ ਡਿੱਗ ਗਈ, ਜਿਸ ਦੇ ਹੇਠਾਂ ਕੁਲਦੀਪ ਸਿੰਘ ਦਾ 22 ਸਾਲਾ ਨੌਜਵਾਨ ਪੁੱਤਰ ਗਗਨਦੀਪ ਸਿੰਘ ਆਰਾਮ ਕਰ ਰਿਹਾ ਸੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ।
ਗੁਆਂਢ ਤੋਂ ਖੇਡਣ ਆਈ ਸੀ ਕੁੜੀ 
ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਹ ਮਲਬਾ ਹਟਾ ਰਹੇ ਸਨ ਤਾਂ ਰਾਤ ਸਮੇਂ ਗੁਆਂਢੀਆਂ ਦੀ 8 ਸਾਲਾ ਧੀ ਰਮਨਦੀਪ ਕੌਰ ਉਰਫ਼ ਸੁਖਮਨ ਵੀ ਮਲਬੇ ਹੇਠ ਦੱਬੀ ਹੋਈ ਮਿਲੀ, ਜਿਸ ਦੀ ਮੌਤ ਹੋ ਚੁੱਕੀ ਸੀ। ਪਿੰਡ ਵਾਸੀਆਂ ਅਨੁਸਾਰ ਰਮਨਦੀਪ ਕੌਰ ਉਰਫ਼ ਸੁਖਮਨ ਗੁਆਂਢ ਵਿੱਚ ਹੀ ਰਹਿੰਦੀ ਸੀ ਤੇ ਅਕਸਰ ਕੁਲਦੀਪ ਦੇ ਘਰ ਖੇਡਣ ਲਈ ਆਉਂਦੀ ਸੀ। ਬੀਤੀ ਰਾਤ ਵੀ ਅਜਿਹਾ ਹੀ ਵਾਪਰਿਆ ਅਤੇ ਮਕਾਨ ਦੀ ਛੱਤ ਡਿੱਗਣ ਕਾਰਨ ਰਮਨਦੀਪ ਕੌਰ ਉਰਫ਼ ਸੁਖਮਨ ਮਲਬੇ ਹੇਠ ਦੱਬ ਗਈ। ਪਰਿਵਾਰ ਆਪਣੀ ਲੜਕੀ ਦੀ ਭਾਲ ਕਰਦਾ ਰਿਹਾ ਪਰ ਉਹ ਛੱਤ ਡਿੱਗਣ ਕਾਰਨ ਦੱਬੀ ਹੋਈ ਸੀ, ਜਿਸ ਦਾ ਦੇਰ ਰਾਤ ਪਤਾ ਲੱਗਾ। ਪਿੰਡ ਵਾਸੀਆਂ ਨੇ ਸਰਕਾਰ ਤੋਂ ਗਰੀਬ ਪਰਿਵਾਰ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *