ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਚੀਮਾ ਵਿਖੇ ਸਥਿਤ ਨਿੱਜੀ ਆਰੀਆਭੱਟ ਕਾਲਜ ਵਿੱਚ ਵਿਦਿਆਰਥੀ ਪ੍ਰਧਾਨਗੀ ਦੀ ਦੌੜ ਨੇ ਤਣਾਅਪੂਰਨ ਰੂਪ ਧਾਰ ਲਿਆ, ਜਦੋਂ ਦੋ ਵਿਦਿਆਰਥੀ ਧੜਿਆਂ ਦੇ ਸਮਰਥਕ ਆਪਸ ਵਿੱਚ ਭਿੜ ਗਏ। ਪ੍ਰਧਾਨਗੀ ਦੀ ਦਾਵੇਦਾਰੀ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦੌਰਾਨ ਮਾਹੌਲ ਇੰਨਾ ਵਿਗੜ ਗਿਆ ਕਿ ਕਾਲਜ ਦੇ ਬਾਹਰ ਲੱਗੇ ਪੋਸਟਰ ਪਾੜ ਦਿੱਤੇ ਗਏ ਅਤੇ ਚੋਣ ਪ੍ਰਚਾਰ ਵਿੱਚ ਵਰਤੀਆਂ ਜਾ ਰਹੀਆਂ ਗੱਡੀਆਂ ਦੇ ਸ਼ੀਸ਼ੇ ਤੋੜਨ ਦੀਆਂ ਗੱਲਾਂ ਸਾਹਮਣੇ ਆਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਸੰਭਾਲਦਿਆਂ ਕਰੀਬ 10 ਤੋਂ 12 ਵਿਦਿਆਰਥੀਆਂ ਅਤੇ ਬਾਹਰੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਪ੍ਰਧਾਨਗੀ ਦੀ ਦਾਵੇਦਾਰੀ ਤੋਂ ਭੜਕਿਆ ਵਿਵਾਦ
ਜਾਣਕਾਰੀ ਮੁਤਾਬਕ, ਆਰੀਆਭੱਟ ਕਾਲਜ ਚੀਮਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਸਰਗਰਮੀਆਂ ਤੇਜ਼ ਸਨ। VSG ਅਤੇ ASAP ਗਰੁੱਪ ਵੱਲੋਂ ਆਪੋ-ਆਪਣੀ ਦਾਵੇਦਾਰੀ ਪੇਸ਼ ਕੀਤੀ ਜਾ ਰਹੀ ਸੀ ਅਤੇ ਕਾਲਜ ਦੀਆਂ ਕੰਧਾਂ ਤੇ ਬਾਹਰ ਪੋਸਟਰ ਲਗਾਏ ਗਏ ਸਨ। ਦੋਵਾਂ ਧੜਿਆਂ ਦੇ ਸਮਰਥਕਾਂ ਵਿਚਕਾਰ ਪਹਿਲਾਂ ਪੋਸਟਰ ਪਾੜਨ ਅਤੇ ਦਾਅਵੇ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਤਕਰਾਰ ਹੋਈ, ਜੋ ਹੌਲੀ-ਹੌਲੀ ਵੱਡੇ ਵਿਵਾਦ ਵਿੱਚ ਬਦਲ ਗਈ।
ਪੁਲਿਸ ਦੀ ਕਾਰਵਾਈ ਅਤੇ SHO ਦਾ ਬਿਆਨ
ਮਾਮਲੇ ਸਬੰਧੀ ਥਾਣਾ ਮੁਖੀ (SHO) ਜਗਜੀਤ ਸਿੰਘ ਨੇ ਦੱਸਿਆ ਕਿ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗਰੁੱਪਾਂ ਵਿਚਕਾਰ ਝਗੜਾ ਹੋਇਆ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 10 ਤੋਂ 12 ਵਿਦਿਆਰਥੀਆਂ ਅਤੇ ਬਾਹਰੀ ਨੌਜਵਾਨਾਂ ਨੂੰ ਡਿਟੇਨ ਕੀਤਾ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, SHO ਨੇ ਸਪੱਸ਼ਟ ਕੀਤਾ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਅਤੇ ਉਨ੍ਹਾਂ ਨੇ ਕਿਸੇ ਵੱਡੀ ਭੰਨ-ਤੋੜ ਹੋਣ ਤੋਂ ਵੀ ਇਨਕਾਰ ਕੀਤਾ।
ਕਾਲਜ ਪ੍ਰਬੰਧਨ ਦੀ ਚੁੱਪੀ ਅਤੇ ਮਾਪਿਆਂ ਦੀ ਚਿੰਤਾ
ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਜਦੋਂ ਕਾਲਜ ਮੈਨੇਜਮੈਂਟ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਮੀਡੀਆ ਸਾਹਮਣੇ ਕੋਈ ਵੀ ਬਿਆਨ ਦੇਣ ਤੋਂ ਟਾਲਾ ਵੱਟ ਲਿਆ। ਦੂਜੇ ਪਾਸੇ, ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਾਫ਼ੀ ਫ਼ਿਕਰਮੰਦ ਨਜ਼ਰ ਆਏ। ਕਈ ਮਾਪੇ ਆਪਣੇ ਬੱਚਿਆਂ ਦੀ ਖਬਰ ਲੈਣ ਲਈ ਥਾਣੇ ਦੇ ਬਾਹਰ ਇੰਤਜ਼ਾਰ ਕਰਦੇ ਦੇਖੇ ਗਏ। ਮਾਪਿਆਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਨੂੰ ਚੰਗੀ ਪੜ੍ਹਾਈ ਅਤੇ ਸੁਨਹਿਰੇ ਭਵਿੱਖ ਲਈ ਕਾਲਜ ਭੇਜਦੇ ਹਨ, ਪਰ ਵਿੱਦਿਅਕ ਅਦਾਰਿਆਂ ਵਿੱਚ ਅਜਿਹੀ ਧੜੇਬੰਦੀ ਚਿੰਤਾਜਨਕ ਹੈ।

