National News : ਖਰਾਬ ਮੌਸਮ ਕਾਰਨ 63 ਯਾਤਰੀਆਂ ਨੂੰ ਲਿਜਾ ਰਹੀਆਂ ਦੋ ਬੱਸਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ। ਹਾਈਵੇ ਉਤੇ ਜਾਂਦਿਆਂ ਡਿੱਗਾਂ ਡਿੱਗਣ ਕਾਰਨ ਦੋਵੇਂ ਬੱਸਾਂ ਨਹਿਰ ਵਿਚ ਜਾ ਡਿੱਗੀਆਂ। ਬੱਸਾਂ ਵਿਚ ਸਵਾਰ ਸਾਰੀਆਂ ਸਵਾਰੀਆਂ ਤੇਜ਼ ਵਹਾਅ ਵਿਚ ਰੁੜ੍ਹ ਗਈਆਂ। ਇਹ ਹਾਦਸਾ ਨੇਪਾਲ ‘ਚ ਵਾਪਰਿਆ। ਉਥੇ ਖਰਾਬ ਮੌਸਮ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਅੱਜ ਸਵੇਰੇ ਮੱਧ ਨੇਪਾਲ ‘ਚ ਮਦਨ-ਆਸ਼ੀਰ ਹਾਈਵੇ ‘ਤੇ ਢਿੱਗਾਂ ਡਿੱਗਣ ਕਾਰਨ ਲਗਭਗ 63 ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ ‘ਚ ਰੁੜ੍ਹ ਗਈਆਂ। ਸਾਰੇ ਲਾਪਤਾ ਦੱਸੇ ਜਾ ਰਹੇ ਹਨ। ਚਿਤਵਨ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਇੰਦਰਦੇਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਦੋਵੇਂ ਬੱਸਾਂ ਵਿੱਚ ਡਰਾਈਵਰ ਸਮੇਤ ਕੁੱਲ 63 ਲੋਕ ਸਵਾਰ ਸਨ।

ਹਾਦਸਾ ਸਵੇਰੇ ਕਰੀਬ ਸਾਢੇ ਤਿੰਨ ਵਜੇ ਵਾਪਰਿਆ। ਲਗਾਤਾਰ ਹੋ ਰਹੀ ਬਰਸਾਤ ਕਾਰਨ ਸਾਨੂੰ ਲਾਪਤਾ ਬੱਸਾਂ ਦੀ ਭਾਲ ਕਰਨ ਵਿੱਚ ਦਿੱਕਤ ਆ ਰਹੀ ਹੈ। ਇਸ ਦੌਰਾਨ ਖਰਾਬ ਮੌਸਮ ਕਾਰਨ ਕਾਠਮੰਡੂ ਤੋਂ ਭਰਤਪੁਰ, ਚਿਤਵਨ ਦੀਆਂ ਸਾਰੀਆਂ ਉਡਾਣਾਂ ਅੱਜ ਲਈ ਰੱਦ ਕਰ ਦਿੱਤੀਆਂ ਗਈਆਂ ਹਨ।

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਅਤੇ ਰਾਹਤ ਕਰਮਚਾਰੀ ਮੌਕੇ ‘ਤੇ ਮੌਜੂਦ ਹਨ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਲਗਾਤਾਰ ਹੋ ਰਹੀ ਬਰਸਾਤ ਕਾਰਨ ਲਾਪਤਾ ਬੱਸਾਂ ਤੇ ਯਾਤਰੀਆਂ ਦੀ ਭਾਲ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਟਵੀਟ ਕੀਤਾ ਕਿ ਮੈਂ ਨਰਾਇਣਗੜ੍ਹ-ਮੁਗਲਿਨ ਰੋਡ ਸੈਕਸ਼ਨ ‘ਤੇ ਜ਼ਮੀਨ ਖਿਸਕਣ ਨਾਲ ਬੱਸ ਦੇ ਰੁੜ੍ਹ ਜਾਣ ਤੋਂ ਬਾਅਦ ਲਗਪਗ 5 ਦਰਜਨ ਯਾਤਰੀਆਂ ਦੇ ਲਾਪਤਾ ਹੋਣ ਅਤੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਜਾਇਦਾਦ ਨੂੰ ਹੋਏ ਨੁਕਸਾਨ ਦੀ ਰਿਪੋਰਟ ਤੋਂ ਬਹੁਤ ਦੁਖੀ ਹਾਂ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋ ਰਹੀ ਤਬਾਹੀ ਤੋਂ ਮੈਂ ਬਹੁਤ ਦੁਖੀ ਹਾਂ। ਮੈਂ ਗ੍ਰਹਿ ਪ੍ਰਸ਼ਾਸਨ ਸਮੇਤ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਮੁਸਾਫਰਾਂ ਦੀ ਭਾਲ ਅਤੇ ਪ੍ਰਭਾਵਸ਼ਾਲੀ ਬਚਾਅ ਕਰਨ ਲਈ ਨਿਰਦੇਸ਼ ਦਿੰਦਾ ਹਾਂ।



