ਅਬੋਹਰ : ਅਬੋਹਰ ਵਿੱਚ ਮਾਰਕਫੈੱਡ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਵਿਰੁੱਧ ਸਖ਼ਤ ਰੁਖ਼ ਅਪਨਾਉਂਦਿਆਂ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਤਹਿਤ ਵਿਭਾਗ ਨੇ ਅਬੋਹਰ ਵਿੱਚ ਤਾਇਨਾਤ ਮਾਰਕਫੈੱਡ ਇੰਸਪੈਕਟਰ ਸਮੇਤ ਦੋ ਆੜ੍ਹਤੀਆਂ ਨੂੰ ਸਸਪੈਂਡ ਕਰ ਦਿੱਤਾ ਹੈ, ਜਦਕਿ ਇੱਕ ਪ੍ਰਮੁੱਖ ਰਾਈਸ ਮਿੱਲ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ।
ਮਾਰਕਫੈੱਡ ਇੰਸਪੈਕਟਰ ਤੁਰੰਤ ਪ੍ਰਭਾਵ ਨਾਲ ਮੁਅੱਤਲ
ਮਾਰਕਫੈੱਡ ਚੰਡੀਗੜ੍ਹ ਦੀ ਇਨਕੁਆਰੀ ਬ੍ਰਾਂਚ ਵੱਲੋਂ 15 ਨਵੰਬਰ 2026 ਨੂੰ ਜਾਰੀ ਕੀਤੇ ਗਏ ਸਰਕਾਰੀ ਹੁਕਮਾਂ ਅਨੁਸਾਰ, ਅਬੋਹਰ ਬ੍ਰਾਂਚ ਦਫ਼ਤਰ ਵਿਖੇ ਤਾਇਨਾਤ ਐੱਸ.ਬੀ.ਓ. ਕੁਲਦੀਪ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਵਿਭਾਗੀ ਨਿਯਮਾਂ ਤਹਿਤ ਗੁਜ਼ਾਰਾ ਭੱਤਾ ਮਿਲਦਾ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਦਾ ਹੈੱਡਕੁਆਰਟਰ ਬਦਲ ਕੇ ਮਾਰਕਫੈੱਡ ਜ਼ਿਲ੍ਹਾ ਦਫ਼ਤਰ ਫਰੀਦਕੋਟ ਨਿਰਧਾਰਤ ਕੀਤਾ ਗਿਆ ਹੈ। ਵਿਭਾਗ ਵੱਲੋਂ ਇੰਸਪੈਕਟਰ ਖ਼ਿਲਾਫ਼ ਜਲਦ ਚਾਰਜਸ਼ੀਟ ਤਿਆਰ ਕਰਨ, ਸਬੰਧਤ ਦਸਤਾਵੇਜ਼ ਅਤੇ ਗਵਾਹਾਂ ਦੀ ਸੂਚੀ ਭੇਜਣ ਦੇ ਵੀ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ ਜਾਰੀਹੁਕਮਾਂ ਵਿੱਚ ਅਜੇ ਤੱਕ ਦੋਸ਼ਾਂ ਦਾ ਖਾਸ ਵੇਰਵਾ ਸਪੱਸ਼ਟ ਨਹੀਂ ਕੀਤਾ ਗਿਆ ਹੈ।
ਦੋ ਆੜ੍ਹਤੀਏ ਅਤੇ H.S. ਸੋਮਾ ਰਾਈਸ ਮਿੱਲ ਵੀ ਲਪੇਟ ਵਿੱਚ
ਇਸ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵਿਭਾਗ ਨੇ ਸਿਰਫ਼ ਅਧਿਕਾਰੀ ‘ਤੇ ਹੀ ਨਹੀਂ, ਸਗੋਂ ਇਸ ਗਠਜੋੜ ਵਿੱਚ ਸ਼ਾਮਲ ਕਾਰੋਬਾਰੀਆਂ ਉੱਤੇ ਵੀ ਸਖ਼ਤ ਸ਼ਿਕੰਜਾ ਕੱਸਿਆ ਹੈ। ਕਾਰਵਾਈ ਤਹਿਤ ਦੋ ਪ੍ਰਮੁੱਖ ਆੜ੍ਹਤੀਆਂ—ਮੁਰਲੀ ਮਾਧਵ ਅਤੇ ਮਹਿੰਦਰ ਕੁਮਾਰ ਕਸ਼ਮੀਰੀ ਲਾਲ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਅਬੋਹਰ ਦੀ ਨਾਮਵਰ ਐੱਚ.ਐੱਸ. ਸੋਮਾ ਰਾਈਸ ਮਿੱਲ ਦੇ ਮਾਲਕ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ।
ਖ਼ਰੀਦ ਨਾਲ ਜੁੜੇ ਹਲਕਿਆਂ ਵਿੱਚ ਮੱਚੀ ਹੜਕੰਪ
ਮਾਰਕਫੈੱਡ ਦੀ ਇਸ ਅਚਨਚੇਤ ਅਤੇ ਸਖ਼ਤ ਕਾਰਵਾਈ ਤੋਂ ਬਾਅਦ ਅਬੋਹਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਝੋਨੇ ਦੀ ਖ਼ਰੀਦ ਅਤੇ ਅਨਾਜ ਮੰਡੀਆਂ ਨਾਲ ਜੁੜੇ ਕਾਰੋਬਾਰੀਆਂ ਵਿੱਚ ਭਾਰੀ ਚਰਚਾ ਅਤੇ ਹੜਕੰਪ ਮੱਚ ਗਿਆ ਹੈ। ਇਸ ਸਖ਼ਤ ਕਦਮ ਨਾਲ ਵਿਭਾਗੀ ਕੰਮਕਾਜ ਵਿੱਚ ਕਾਫ਼ੀ ਹਲਚਲ ਦੇਖਣ ਨੂੰ ਮਿਲ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਪਿੰਜੌਰ ਦੇ ਸੂਰਜਪੁਰ-ਰਜੀਪੁਰ ਵਿੱਚ ਪਲਾਸਟਿਕ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ, ਆਸਮਾਨ ਤੱਕ ਉੱਠੀਆਂ ਲਪਟਾਂ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



