ਦਿੱਲੀ : ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਬਹੁਤ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ ‘ਤੇ ਕ੍ਰਿਕਟ ਜਗਤ ਦੀਆਂ ਨਾਮਵਰ ਹਸਤੀਆਂ ਨੇ ਵੀ ਆਪਣੇ ਪ੍ਰਸ਼ੰਸਕਾਂ ਅਤੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਆਈ.ਸੀ.ਸੀ. ਚੇਅਰਮੈਨ ਜੈ ਸ਼ਾਹ, ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਮੁੱਖ ਕੋਚ ਗੌਤਮ ਗੰਭੀਰ ਸਮੇਤ ਕਈ ਦਿੱਗਜਾਂ ਨੇ ਸੋਸ਼ਲ ਮੀਡੀਆ ਰਾਹੀਂ ਅਮਨ, ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਹੈ।
ਆਈ.ਸੀ.ਸੀ. ਚੇਅਰਮੈਨ ਜੈ ਸ਼ਾਹ ਦਾ ਸੰਦੇਸ਼
ਆਈ.ਸੀ.ਸੀ. ਚੇਅਰਮੈਨ ਅਤੇ ਬੀ.ਸੀ.ਸੀ.ਆਈ. ਦੇ ਸਾਬਕਾ ਸਕੱਤਰ ਜੈ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਆਪਣੇ ਸ਼ੁਭਕਾਮਨਾ ਸੰਦੇਸ਼ ਵਿੱਚ ਲਿਖਿਆ ਕਿ ਰੋਸ਼ਨੀ ਦਾ ਇਹ ਪਵਿੱਤਰ ਤਿਉਹਾਰ ਸਾਰਿਆਂ ਨੂੰ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਨਾਲ ਭਰੇ ਭਵਿੱਖ ਦੀ ਸਿਰਜਣਾ ਲਈ ਪ੍ਰੇਰਿਤ ਕਰੇ।
ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਦੀਆਂ ਸ਼ੁਭਕਾਮਨਾਵਾਂ
ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ਰਾਹੀਂ ਦੀਵਾਲੀ ਦੀ ਵਧਾਈ ਦਿੰਦਿਆਂ ਸਾਰਿਆਂ ਦੇ ਜੀਵਨ ਵਿੱਚ ਅਨੰਤ ਸਕਾਰਾਤਮਕਤਾ ਅਤੇ ਖੁਸ਼ੀਆਂ ਆਉਣ ਦੀ ਕਾਮਨਾ ਕੀਤੀ।
ਉੱਥੇ ਹੀ, ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਟੀਮ ਇੰਡੀਆ ਅਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ‘ਐਕਸ’ ਉੱਤੇ ਲਿਖਿਆ, “ਅਸੀਂ ਵੱਡੀ ਜਿੱਤ ਲਈ ਖੇਡਦੇ ਹਾਂ – ਇੱਕ ਅਰਬ ਦਿਲਾਂ ਲਈ…!” ਉਨ੍ਹਾਂ ਦਾ ਇਹ ਸੁਨੇਹਾ ਕਰੋੜਾਂ ਭਾਰਤੀਆਂ ਦਾ ਦਿਲ ਜਿੱਤਣ ਦੇ ਜਜ਼ਬੇ ਨੂੰ ਦਰਸਾਉਂਦਾ ਹੈ।
ਬੀ.ਸੀ.ਸੀ.ਆਈ. ਅਤੇ ਹੋਰ ਦਿਗਜ਼ਾਂ ਨੇ ਵੀ ਦਿੱਤੀ ਵਧਾਈ
ਰਾਜੀਵ ਸ਼ੁਕਲਾ: ਬੀ.ਸੀ.ਸੀ.ਆਈ. ਦੇ ਮੀਤ ਪ੍ਰਧਾਨ ਰਾਜੀਵ ਸ਼ੁਕਲਾ ਨੇ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਦਾ ਸਿਮਰਨ ਕਰਦਿਆਂ ਸਾਰਿਆਂ ਦੇ ਘਰਾਂ ਵਿੱਚ ਸੁੱਖ, ਸ਼ਾਂਤੀ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ।
ਪਾਰਥਿਵ ਪੇਟਲ: ਸਾਬਕਾ ਵਿਕਟਕੀਪਰ-ਬੱਲੇਬਾਜ਼ ਨੇ ਪੁਰਾਣੀਆਂ ਪਰੰਪਰਾਵਾਂ ਅਤੇ ਅਪਨਿਆਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਪਿਆਰ ਅਤੇ ਰੋਸ਼ਨੀ ਨਾਲ ਭਰੀ ਦੀਵਾਲੀ ਦੀ ਕਾਮਨਾ ਕੀਤੀ।
ਅੰਤਰਰਾਸ਼ਟਰੀ ਸਿਤਾਰੇ: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਅਤੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿਥ ਨੇ ਵੀ ਸੋਸ਼ਲ ਮੀਡੀਆ ਰਾਹੀਂ ਕ੍ਰਿਕਟ ਪ੍ਰਸ਼ੰਸਕਾਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਸਫਲਤਾ ਅਤੇ ਖੁਸ਼ੀਆਂ ਦੀ ਕਾਮਨਾ ਕੀਤੀ।
ਬੀ.ਸੀ.ਸੀ.ਆਈ. ਵੱਲੋਂ ਵੀ ਆਪਣੇ ਅਧਿਕਾਰਤ ਹੈਂਡਲ ਤੋਂ ਪੋਸਟ ਸਾਂਝੀ ਕਰਕੇ ਦੇਸ਼ਵਾਸੀਆਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।



