Weather Update : ਪੰਜਾਬ ਵਿਚ ਮਾਨਸੂਨ ਦੀ ਦਸਤਕ ਤੋਂ ਬਾਅਦ ਭਾਵੇਂ ਆਮ ਨਾਲੋਂ ਮੀਂਹ ਘੱਟ ਪਿਆ ਹੈ ਪਰ ਮੌਸਮ ਵਿਭਾਗ ਨੇ ਹੁਣ ਅਗਲੇ ਪੰਜ ਦਿਨਾਂ ਵਿਚ ਲਗਾਤਾਰ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ 5 ਤੋਂ 11 ਜੁਲਾਈ ਤੱਕ ਰੋਜ਼ਾਨਾ 5 ਤੋਂ 10 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ, ਲੁਧਿਆਣਾ, ਮੋਹਾਲੀ, ਫਤਹਿਗੜ੍ਹ ਸਾਹਿਬ, ਖਰੜ, ਅਬੋਹਰ ਅਤੇ ਮਾਨਸਾ ਦੇ ਨਾਲ ਲੱਗਦੇ ਕੁਝ ਇਲਾਕਿਆਂ ‘ਚ ਰੋਜ਼ਾਨਾ 10 ਤੋਂ 15 ਮਿਲੀਮੀਟਰ ਮੀਂਹ ਪੈਣ ਦੀ ਭਵਿੱਖਵਾਣੀ ਕੀਤੀ ਜਾ ਰਹੀ ਹੈ। ਹਾਲਾਂਕਿ ਮੌਸਮ ਵਿਭਾਗ ਨੇ 5-6 ਜੁਲਾਈ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ ਤੇ ਉਸ ਤੋਂ ਬਾਅਦ ਸਥਿਤੀ ਆਮ ਵਾਂਗ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਪੰਜਾਬ ਵਿਚ ਮਾਨਸੂਨ ਦੇ ਸਰਗਰਮ ਹੋਣ ਤੋਂ ਬਾਅਦ ਹੋਈ ਬਾਰਿਸ਼ ਕਾਰਨ ਔਸਤ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦਾ ਤਾਪਮਾਨ 1.8 ਡਿਗਰੀ ਹੇਠਾਂ ਦਰਜ ਕੀਤਾ ਗਿਆ। ਇਸ ਤੋਂ ਬਾਅਦ, ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 3.1 ਡਿਗਰੀ ਘੱਟ ਰਹਿਣ ਦਾ ਅਨੁਮਾਨ ਹੈ। ਪੰਜਾਬ ਵਿੱਚ ਅੱਜ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਬਾਕੀ ਸੂਬਿਆਂ ‘ਚ ਬਾਰਿਸ਼ ਦਾ ਅਲਰਟ ਹੈ ਪਰ ਸਥਿਤੀ ਆਮ ਵਾਂਗ ਰਹੇਗੀ।
ਵੀਰਵਾਰ ਨੂੰ ਔਸਤਨ 14.8 ਐਮਐਮ ਪਿਆ ਮੀਂਹ
ਪੰਜਾਬ ‘ਚ ਮਾਨਸੂਨ ਦੇ ਸਰਗਰਮ ਹੋਣ ਤੋਂ ਬਾਅਦ ਸੂਬਾ ਘੱਟ ਬਾਰਿਸ਼ ਦੀ ਸਥਿਤੀ ਤੋਂ ਉਭਰਿਆ ਹੈ। ਵੀਰਵਾਰ ਨੂੰ ਸੂਬੇ ‘ਚ ਔਸਤਨ 14.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਪਿਛਲੇ 4 ਦਿਨਾਂ ਦੀ ਗੱਲ ਕਰੀਏ ਤਾਂ ਸੂਬੇ ‘ਚ 22.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ ਲਗਭਗ 45 ਫੀਸਦੀ ਜ਼ਿਆਦਾ ਹੈ। ਇਸ ਦੇ ਨਾਲ ਹੀ ਅੱਜ ਵੀ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ।
ਵੀਰਵਾਰ ਨੂੰ ਅੰਮ੍ਰਿਤਸਰ ਵਿੱਚ 5.4 ਮਿਲੀਮੀਟਰ, ਲੁਧਿਆਣਾ ਵਿੱਚ 47.6, ਪਟਿਆਲਾ ਵਿੱਚ 1.2, ਫਰੀਦਕੋਟ ਵਿੱਚ 3.2, ਗੁਰਦਾਸਪੁਰ ਵਿੱਚ 31.4, ਐਸਬੀਐਸ ਨਗਰ ਵਿੱਚ 33.1, ਬਰਨਾਲਾ ਵਿੱਚ 35.5, ਮੁਹਾਲੀ ਵਿੱਚ 24, ਪਠਾਨਕੋਟ ਵਿੱਚ 7, ਰੋਪੜ ਵਿੱਚ 18 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਲੁਧਿਆਣਾ ਵਿਚ ਵਧੇਗੀ ਹੁਮਸ, ਮੁੜ ਗਰਮੀ ਕਰੇਗੀ ਤੰਗ
ਲੁਧਿਆਣਾ ‘ਚ ਵੀਰਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਭਾਵੇਂ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਪਰ ਸ਼ੁੱਕਰਵਾਰ ਨੂੰ ਫਿਰ ਸੂਰਜ ਨਿਕਲਿਆ। ਮੌਸਮ ਪੂਰੀ ਤਰ੍ਹਾਂ ਸਾਫ ਹੈ। ਕੜਾਕੇ ਦੀ ਗਰਮੀ ਤੋਂ ਬਾਅਦ ਅੱਜ ਫਿਰ ਲੋਕਾਂ ਨੂੰ ਗਰਮੀ ਅਤੇ ਹੁੰਮਸ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਨੂੰ ਤਾਪਮਾਨ 36 ਡਿਗਰੀ ਤੱਕ ਪਹੁੰਚ ਗਿਆ। ਲੁਧਿਆਣਾ ਵਿੱਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਰ ਹਲਕੀ ਬਾਰਿਸ਼ ਹੀ ਹੋਈ। ਇਸ ਤਰ੍ਹਾਂ ਨਮੀ ਵਧੇਗੀ।
