ਮਰਦਮਸ਼ੁਮਾਰੀ 2027: ਸਪੈਸ਼ਲ ਚਾਰਜਿਜ਼ ਸਬੰਧੀ ਸਟੇਟ ਨੋਡਲ ਅਫ਼ਸਰਾਂ ਦੀ ਮੀਟਿੰਗ

ਚੰਡੀਗੜ੍ਹ, 5 ਨਵੰਬਰ 2026: ਸੈਨਸਜ਼ ਆਪ੍ਰੇਸ਼ਨਜ਼ ਦੇ ਡਾਇਰੈਕਟਰ ਡਾ. ਨਵਜੋਤ ਖੋਸਾ, ਆਈ.ਏ.ਐੱਸ. ਦੀ ਪ੍ਰਧਾਨਗੀ ਹੇਠ ਅੱਜ ਸਪੈਸ਼ਲ ਚਾਰਜਿਜ਼ ਸਬੰਧੀ ਸਟੇਟ ਨੋਡਲ ਅਫ਼ਸਰਾਂ ਦੀ ਇੱਕ ਮੀਟਿੰਗ…

ਨੋਡਲ ਅਫ਼ਸਰਾਂ

ਚੰਡੀਗੜ੍ਹ, 5 ਨਵੰਬਰ 2026:

ਸੈਨਸਜ਼ ਆਪ੍ਰੇਸ਼ਨਜ਼ ਦੇ ਡਾਇਰੈਕਟਰ ਡਾ. ਨਵਜੋਤ ਖੋਸਾ, ਆਈ.ਏ.ਐੱਸ. ਦੀ ਪ੍ਰਧਾਨਗੀ ਹੇਠ ਅੱਜ ਸਪੈਸ਼ਲ ਚਾਰਜਿਜ਼ ਸਬੰਧੀ ਸਟੇਟ ਨੋਡਲ ਅਫ਼ਸਰਾਂ ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ਦਾ ਮੁੱਖ ਮਕਸਦ ਸਟੇਟ ਨੋਡਲ ਅਫ਼ਸਰਾਂ ਨੂੰ ਜਾਗਰੂਕ ਕਰਨਾ ਅਤੇ ਸੀਮਤ-ਪਹੁੰਚ ਵਾਲੇ ਖੇਤਰਾਂ ਵਿੱਚ ਮਰਦਮਸ਼ੁਮਾਰੀ 2027 ਦੇ ਆਬਾਦੀ ਗਣਨਾ ਦੌਰ (ਫੇਜ਼-2) ਦੀਆਂ ਤਿਆਰੀਆਂ ਦੀ ਸਮੀਖਿਆ ਕਰਨਾ ਸੀ।

ਮੀਟਿੰਗ ਵਿੱਚ ਸਪੈਸ਼ਲ ਚਾਰਜਿਜ਼ ਅੰਦਰ ਸੁਰੱਖਿਅਤ, ਸਟੀਕ ਅਤੇ ਸਮਾਂਬੱਧ ਗਣਨਾ ਯਕੀਨੀ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਨ੍ਹਾਂ ਸਪੈਸ਼ਲ ਚਾਰਜਿਜ਼ ਵਿੱਚ ਰੱਖਿਆ ਖੇਤਰ, ਸੀ.ਏ.ਪੀ.ਐੱਫ. (ਕੇਂਦਰੀ ਹਥਿਆਰਬੰਦ ਪੁਲਿਸ ਬਲ) ਖੇਤਰ, ਕੈਂਪ ਤੇ ਅਦਾਰੇ, ਸਿਖਲਾਈ ਕੇਂਦਰ, ਵਿਗਿਆਨਕ ਅਤੇ ਖੋਜ ਕੇਂਦਰ, ਅਤੇ ਆਪ੍ਰੇਸ਼ਨਲ/ ਫਾਰਵਰਡ ਤੇ ਔਖੀ ਪਹੁੰਚ ਵਾਲੇ ਖੇਤਰ, ਜਿੱਥੇ ਆਮ ਨਾਗਰਿਕ ਗਣਨਾਕਾਰਾਂ ਦੀ ਪਹੁੰਚ ਸੀਮਤ ਹੁੰਦੀ ਹੈ, ਸ਼ਾਮਲ ਹਨ।

ਜ਼ਿਕਰਯੋਗ ਹੈ  ਕਿ ਆਬਾਦੀ ਗਣਨਾ (ਫੇਜ਼-2) 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕਰਵਾਈ ਜਾਵੇਗੀ, ਜਿਸ ਤੋਂ ਬਾਅਦ 5 ਤੋਂ 9 ਜਨਵਰੀ 2027 ਤੱਕ ਸੋਧ ਗੇੜ (ਰੀਵੀਜ਼ਨਲ ਰਾਊਂਡ) ਹੋਵੇਗਾ। ਮਰਦਮਸ਼ੁਮਾਰੀ 2027 ਲਈ ਰੈਫਰੇਂਸ ਮਿਤੀ 5 ਜਨਵਰੀ 2027 ਦੇ ਰਾਤ 12 ਵਜੇ ਨਿਰਧਾਰਤ ਕੀਤੀ ਗਈ ਹੈ।

ਮੀਟਿੰਗ ਵਿੱਚ ਲਏ ਗਏ ਪ੍ਰਮੁੱਖ ਫ਼ੈਸਲੇ:

ਸਟੇਟ ਨੋਡਲ ਅਫ਼ਸਰ ਰਾਜ ਦੇ ਸਾਰੇ ਸਪੈਸ਼ਲ ਚਾਰਜਿਜ਼ ਦੀ ਸ਼ਨਾਖ਼ਤ ਕਰਨਗੇ, ਕਵਰ ਕੀਤੀ ਜਾਣ ਵਾਲੀ ਅੰਦਾਜ਼ਨ ਆਬਾਦੀ ਦਾ ਮੁਲਾਂਕਣ ਕਰਨਗੇ ਅਤੇ ਸਬੰਧਤ ਡੀ.ਸੀ.ਓ. ਨਾਲ ਸੂਚੀ ਸਾਂਝੀ ਕਰਨਗੇ।

ਹਰੇਕ ਸਪੈਸ਼ਲ ਚਾਰਜਿਜ਼ ਲਈ ਇੱਕ ਗਜ਼ਟਿਡ ਅਧਿਕਾਰੀ ਨੂੰ ਚਾਰਜ ਅਫ਼ਸਰ ਵਜੋਂ ਨਿਯੁਕਤ ਕੀਤਾ ਜਾਵੇਗਾ।

ਡੀ.ਸੀ.ਓ. ਪੰਜਾਬ ਵੱਲੋਂ ਹਦਾਇਤਾਂ ਵਾਲੀਆਂ ਮੈਨੂਅਲ ਪੁਸਤਕਾਂ, ਖ਼ਾਲੀ ਸੈਂਸਜ਼ ਸ਼ਡਿਊਲ, ਲੋਕੇਸ਼ਨ ਕੋਡ ਅਤੇ ਹੋਰ ਮਰਦਮਸ਼ੁਮਾਰੀ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਭਾਰਤ ਦੇ ਰਜਿਸਟਰਾਰ ਜਨਰਲ ਦਫ਼ਤਰ ਵੱਲੋਂ ਦਿੱਤੇ ਜਾਣ ਵਾਲੇ ਵੱਖਰੇ ਮਾਡਿਊਲ ਰਾਹੀਂ ਸਪੈਸ਼ਲ ਚਾਰਜ ਵਿਖੇ ਡਾਟਾ ਐਂਟਰੀ ਕੀਤੀ ਜਾਵੇਗੀ।

ਸਪੈਸ਼ਲ ਚਾਰਜਿਜ਼ ਅਫ਼ਸਰਾਂ ਦੀ ਸਿਖਲਾਈ 12 ਨਵੰਬਰ 2026 ਨੂੰ ਐਨ.ਆਈ.ਟੀ.ਟੀ.ਟੀ.ਆਰ., ਸੈਕਟਰ 26, ਚੰਡੀਗੜ੍ਹ ਵਿਖੇ ਹੋਵੇਗੀ। ਇਸ ਉਪਰੰਤ ਸਬੰਧਤ ਸਪੈਸ਼ਲ ਚਾਰਜਿਜ਼ ਅਫ਼ਸਰਾਂ ਵੱਲੋਂ ਸਟੇਟ ਨੋਡਲ ਅਫ਼ਸਰਾਂ, ਪੀ.ਸੀ.ਓ. ਅਤੇ ਡੀ.ਸੀ.ਓ. ਪੰਜਾਬ ਦੇ ਤਾਲਮੇਲ ਨਾਲ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇਗਾ।

ਸਪੈਸ਼ਲ ਚਾਰਜਿਜ਼ ਦੇ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ 30 ਨਵੰਬਰ 2026 ਤੱਕ ਮੁਕੰਮਲ ਕੀਤੀ ਜਾਣੀ ਲਾਜ਼ਮੀ ਹੈ।

ਮੀਟਿੰਗ ਦੌਰਾਨ ਸਮੇਂ ਸਿਰ ਸਿਖਲਾਈ ਅਤੇ ਫੀਲਡ ਕਾਰਜਾਂ ਲਈ ਸਟੇਟ ਨੋਡਲ ਅਫ਼ਸਰਾਂ, ਸਪੈਸ਼ਲ ਚਾਰਜਿਜ਼ ਅਫ਼ਸਰਾਂ ਅਤੇ ਡੀ.ਸੀ.ਓ. ਪੰਜਾਬ ਵਿਚਕਾਰ ਆਪਸੀ ਤਾਲਮੇਲ ‘ਤੇ ਜ਼ੋਰ ਦਿੱਤਾ ਗਿਆ, ਤਾਂ ਜੋ ਸਪੈਸ਼ਲ ਚਾਰਜਿਜ਼ ਵਿੱਚ ਗਣਨਾ ਦਾ ਕੰਮ ਨਿਰਧਾਰਤ ਸਮਾਂ-ਸੀਮਾ ਅੰਦਰ ਸ਼ੁੱਧਤਾ ਨਾਲ ਮੁਕੰਮਲ ਹੋ ਸਕੇ।

ਡਾਇਰੈਕਟਰ ਮਰਦਮਸ਼ੁਮਾਰੀ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨੋਡਲ ਅਫ਼ਸਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਰਦਮਸ਼ੁਮਾਰੀ 2027 ਸਬੰਧੀ ਡਾਟਾ ਇਕੱਤਰ ਕਰਨ ਦੀ ਕਾਰਜ-ਪ੍ਰਣਾਲੀ ‘ਤੇ ਅਜਿਹੀ ਸਾਰਥਕ ਚਰਚਾ ਦਾ ਹਿੱਸਾ ਬਣਨਾ ਬਹੁਤ ਹੀ ਮਾਣ ਵਾਲੀ ਗੱਲ ਹੈ।

ਮੀਟਿੰਗ ਦੀ ਸਮਾਪਤੀ ਧੰਨਵਾਦ ਦੇ ਮਤੇ ਨਾਲ ਹੋਈ।

Leave a Reply

Your email address will not be published. Required fields are marked *